ਚੰਡੀਗੜ੍ਹ: ਕੋਰੋਨਾ ਵਾਇਰਸ ਸੂਬੇ ਦੇ ਵਿੱਚ ਨਾ ਫੈਲੇ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹੁਣ ਆਪਣਾ ਫਰਜ਼ ਸਮਝਦਿਆਂ ਸਰਕਾਰੀ ਮੁਲਾਜ਼ਮ ਵੀ ਅੱਗੇ ਆਉਣ ਲੱਗ ਪਏ ਹਨ।
ਦਰਅਸਲ ਪੰਜਾਬ ਵਿੱਚ ਥੀਏਟਰ ਆਰਟਿਸਟ ਅਤੇ ਸਰਕਾਰੀ ਵਿਭਾਗਾਂ ਦੇ ਅਧਿਆਪਕ ਅਤੇ ਅਫਸਰ ਕਲਾਕਾਰਾਂ ਨਾਲ ਮਿਲ ਕੇ ਕੋਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨੁੱਕੜ ਨਾਟਕਾਂ ਦੇ ਵਿੱਚ ਹਿੱਸਾ ਲੈ ਰਹੇ ਹਨ।
ਇਸ ਦੌਰਾਨ ਜੁਗਨੀ ਸੱਭਿਆਚਾਰਕ ਰੰਗ ਮੰਚ ਦੇ ਸੰਚਾਲਕ ਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਉਹ ਟੀਵੀ, ਮੀਡੀਆ ਅਤੇ ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਗੇ।
ਨੁੱਕੜ ਨਾਟਕ ਦੇ ਵਿੱਚ ਹਿੱਸਾ ਲੈਣ ਵਾਲੇ ਰੈਵੇਨਿਊ ਵਿਭਾਗ ਦੇ ਅਫ਼ਸਰ ਰੁਪਿੰਦਰ ਪਾਲ ਨੇ ਦੱਸਿਆ ਕਿ ਉਹ ਆਪਣਾ ਫਰਜ਼ ਸਮਝਦੇ ਹੋਏ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨੁੱਕੜ ਦੇ ਵਿੱਚ ਹਿੱਸਾ ਲੈ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਸਿੱਖਿਆ ਵਿਭਾਗ ਦੇ ਅਧਿਆਪਕ ਵੀ ਸ਼ਾਮਲ ਹਨ।
ਥੀਏਟਰ ਆਰਟਿਸਟ ਸੋਨੀਆ ਨੇ ਦੱਸਿਆ ਕਿ ਉਹ ਕਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਪਾਖੰਡੀ ਬਾਬਿਆਂ ਦੇ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਬੂਟੀਆਂ ਅਤੇ ਮਾੜੇ ਪ੍ਰਚਾਰ ਦੇ ਖਾਤਮੇ ਦੇ ਲਈ ਨੁੱਕੜ ਨਾਟਕ ਦਾ ਹਿੱਸਾ ਬਣੀ ਹੈ ਅਤੇ ਉਨ੍ਹਾਂ ਦੀ ਟੀਮ ਜਲਦ ਆਪਣਾ ਨੁੱਕੜ ਨਾਟਕ ਲੋਕਾਂ ਦੇ ਵਿੱਚ ਜਾ ਕੇ ਕਰਨਗੇ।