ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖ਼ਾਲਸਾ ਸਥਾਪਨਾ ਦਿਵਸ ਉੱਤੇ ਖ਼ਾਲਸਾ ਪੰਥ ਨੂੰ ਵਧਾਈ ਦਿੱਤੀ। ਉਨ੍ਹਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਦਿਹਾੜੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ ਮਨਾਉਣ।
ਇੰਨ੍ਹਾਂ ਨਿਰਦੇਸ਼ਾਂ ਵਿੱਚ ਜਥੇਦਾਰ ਸਾਹਿਬ ਨੇ ਸਾਰੇ ਸਿੱਖਾਂ ਨੂੰ ਵਿਸਾਖੀ ਵਾਲੇ ਦਿਨ ਘਰਾਂ ਵਿੱਚ ਬੈਠ ਕੇ ਮੂਲ ਮੰਤਰ ਦਾ ਜਾਪ ਕਰਨ ਅਤੇ ਅਰਦਾਸ ਕਰਨ ਲਈ ਆਖਿਆ ਹੈ।
ਜਥੇਦਾਰ ਸਾਹਿਬ ਨੇ ਸਿੱਖ ਜਥੇਬੰਦੀਆਂ ਨੂੰ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਦਿਹਾੜੇ ਉੱਤੇ ਵੱਡੇ ਇਕੱਠ ਨਾ ਕਰਨ। ਉਹਨਾਂ ਨੇ ਇਸ ਦੀ ਬਜਾਏ ਸਿੱਖਾਂ ਨੂੰ ਇਹ ਦਿਹਾੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਿੱਧੇ ਪ੍ਰਸਾਰਿਤ ਹੋ ਰਹੇ ਗੁਰਬਾਣੀ ਕੀਰਤਨ ਨੂੰ ਸੁਣਦੇ ਹੋਏ ਮਨਾਉਣ ਲਈ ਆਖਿਆ ਹੈ।
ਵਿਸਾਖੀ ਦੇ ਮੌਕੇ ਦਿੱਤੇ ਸੁਨੇਹੇ ਵਿੱਚ ਬਾਦਲ ਨੇ ਕਿਹਾ ਕਿ ਸਿੱਖਾਂ ਲਈ ਵਿਸਾਖੀ ਚੜ੍ਹਦੀਕਲਾ ਅਤੇ ਸਰਬੱਤ ਦਾ ਭਲਾ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਸਿੱਖ ਗਰੀਬਾਂ ਅਤੇ ਲੋੜਵੰਦਾ ਦੀ ਮੱਦਦ ਵਿੱਚ ਸਭ ਤੋਂ ਅੱਗੇ ਆ ਕੇ ਕੋਰੋਨਾ ਵਾਇਰਸ ਨਾਂਅ ਦੇ ਅਣਦਿਸਦੇ ਦੁਸ਼ਮਣ ਅਤੇ ਮਨੁੱਖਤਾ ਵਿਚਕਾਰ ਛਿੜੀ ਜੰਗ ਦੀ ਅਗਵਾਈ ਕਰ ਰਹੇ ਹਨ। ਇਹੀ ਭਾਵਨਾ ਮਨੁੱਖ ਜਾਤੀ ਲਈ ਇਸ ਚੁਣੌਤੀ ਨੂੰ ਪਾਰ ਕਰਨ ਵਿੱਚ ਸਹਾਈ ਹੋਵੇਗੀ।
ਬਾਦਲ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਨਵੇਂ ਜੋਸ਼ ਨਾਲ ਸਰਬੱਤ ਦੇ ਭਲੇ ਵਾਸਤੇ ਜੁਟ ਜਾਣ।