ਚੰਡੀਗੜ: ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ ਨੇ ਮੁੱਖ ਸਕੱਤਰ ਨੂੰ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਨੇ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ `ਤੇ ਕਣਕ ਦੀ ਖਰੀਦ ਲਈ ਸੂਬੇ ਭਰ ਵਿੱਚ 4,000 ਖਰੀਦ ਕੇਂਦਰ ਸਥਾਪਿਤ ਕੀਤੇ ਹਨ ਅਤੇ ਪੰਜਾਬ ਮੰਡੀ ਬੋਰਡ ਨੇ ਆੜ੍ਹਤੀਆਂ (ਕਮਿਸ਼ਨ ਏਜੰਟਾਂ) ਰਾਹੀਂ ਕਿਸਾਨਾਂ ਨੂੰ 4.48 ਲੱਖ ਤੋਂ ਵੱਧ ਪਾਸ ਜਾਰੀ ਕੀਤੇ ਹਨ ਤਾਂ ਜੋ ਕੋਰੋਨਾ ਸੰਕਟ ਦੇ ਮੱਦੇਨਜ਼ਰ ਮੰਡੀਆਂ ਵਿਚ ਫਸਲ ਦੀ ਪੜਾਅਵਾਰ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ। ਬਾਰਦਾਨੇ ਦੀ ਘਾਟ ਦੇ ਖ਼ਦਸ਼ਿਆਂ ਨੂੰ ਦੂਰ ਕਰਦਿਆਂ ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਕੇ.ਏ.ਪੀ. ਸਿਨਹਾ ਨੇ ਮੀਟਿੰਗ ਵਿੱਚ ਦੱਸਿਆ ਕਿ ਰਾਜ ਵਿੱਚ ਢੁੱਕਵੀਂ ਮਾਤਰਾ ਵਿੱਚ ਬਰਦਾਨਾ ਉਪਲਬਧ ਹੈ। ਇਸ ਲਈ ਘਬਰਾਉਣ ਦੀ ਲੋੜ ਨਹੀਂ ਹੈ। ਮੌਜੂਦਾ ਸਮੇਂ ਰਾਜ ਕੋਲ ਤਕਰੀਬਨ 2.6 ਲੱਖ ਗੱਠਾਂ ਉਪਲਬਧ ਹਨ
ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਤੇ ਆੜ੍ਹਤੀਆਂ ਨੂੰ ਅਦਾਇਗੀ ਕਰਨ ਦੀ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਕਰੋੜ ਰੁਪਏ ਦੇ ਬਿੱਲ ਜਮ੍ਹਾਂ ਕਰਵਾਏ ਗਏ ਹਨ ਜੋ ਜਲਦ ਹੀ ਪਾਸ ਕਰ ਦਿੱਤੇ ਜਾਣਗੇ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਭਰੋਸਾ ਦਿਵਾਇਆ ਕਿ ਹੋਰ ਰਾਜਾਂ ਤੋਂ ਕਣਕ ਦੀ ਗੈਰ ਕਾਨੂੰਨੀ ਢੋਆ-ਢੁਆਈ `ਤੇ ਸਖ਼ਤੀ ਨਾਲ ਰੋਕ ਲਗਾਉਣ ਲਈ ਅੰਤਰ-ਰਾਜੀ ਚੈਕ ਪੋਸਟਾਂ ‘ਤੇ ਹੋਰ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਪੁਲਿਸ ਕਮਿਸ਼ਨਰਾਂ ਅਤੇ ਐਸ.ਐਸ.ਪੀ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਬਾਹਰੋਂ ਦਾਖ਼ਲ ਹੋਣ ਵਾਲੇ ਟਰੱਕਾਂ ਅਤੇ ਟਰਾਲੀਆਂ ਦੀ ਆਵਾਜਾਈ `ਤੇ ਸਖ਼ਤੀ ਨਾਲ ਨਜ਼ਰ ਰੱਖਣ।