ਰੋਪੜ: ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ਨੇ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਦੱਸ ਦਈਏ ਅਦਾਲਤ ਨੇ ਇਹ ਆਦੇਸ਼ ਵਿਧਾਇਕ ਚੱਢਾ ਖ਼ਿਲਾਫ਼ 6 ਜੁਲਾਈ 2020 ਨੂੰ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਦਰਜ ਹੋਏ ਮਾਮਲੇ ਨੂੰ ਲੈਕੇ ਦਿੱਤੇ ਅਤੇ ਇਸ ਮਾਮਲੇ ਵਿੱਚ ਉਸ ਸਮੇਂ ਦਿਨੇਸ਼ ਚੱਢਾ ਨੂੰ ਪੁਲਿਸ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਹੁਣ ਅਦਾਲਤ ਨੇ ਸਥਾਨਕ ਪੁਲਿਸ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕੀ ਹੈ ਮਾਮਲਾ: ਦੱਸ ਦਈਏ 6 ਜੁਲਾਈ 2020 ਵਿੱਚ ਉਸ ਸਮੇਂ ਆਪ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਚੱਢਾ ਰੋਪੜ-ਨੰਗਲ ਰੋਡ 'ਤੇ ਪਿੰਡ ਨਿੱਕੂਵਾਲ ਨੇੜੇ ਧਰਨੇ ਦੀ ਅਗਵਾਈ ਕਰ ਰਹੇ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ ਇਕੱਠੇ ਹੋਣ ਉੱਤੇ ਪਾਬੰਦੀ ਲਗਾ ਦਿੱਤੀ ਸੀ। ਇਸ ਧਰਨੇ ਕਾਰਨ ਟ੍ਰੈਫਿਕ ਜਾਮ ਹੋ ਗਿਆ ਸੀ, ਚੱਢਾ ਸਮੇਤ 'ਆਪ' ਦੇ ਕਈ ਆਗੂਆਂ 'ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਉਸ ਸਮੇਂ ਦਿਨੇਸ਼ ਚੱਢਾ, ਮਾਸਟਰ ਹਰਦਿਆਲ ਸਿੰਘ, ਹਰਮਿੰਦਰ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਸਿੰਘ ਸਮੇਤ ਪੰਜਾਹ ਸੱਠ ਜਣਿਆਂ ਉੱਤੇ ਦਰਜ ਹੋਇਆ ਸੀ ਅਤੇ ਹੁਣ ਕੋਵਿਡ ਪ੍ਰੋਟੋਕਾਲ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚ ਦਿਨੇਸ਼ ਚੱਢਾ ਵੀ ਇੱਕ ਮੁਲਜ਼ਮ ਹੈ। ਇਸ ਤੋਂ ਬਾਅਦ ਅਦਾਲਤ ਵੱਲੋਂ ਮੌਜੂਦਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। ਵਿਧਾਇਕ ਚੱਢਾ ਇਸ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਚੱਢਾ ਨੂੰ ਸੀਆਰਪੀਸੀ ਦੀ ਧਾਰਾ 824 ਤਹਿਤ ਸਥਾਨਕ ਪੁਲਿਸ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੱਢਾ ਨੂੰ ਭਗੌੜਾ ਐਲਾਨਣ ਲਈ ਕਾਰਵਾਈ ਸ਼ੁਰੂ ਕਰਨ। ਅਗਲੀ ਸੁਣਵਾਈ 3 ਮਾਰਚ ਨੂੰ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਉੱਤੇ ਰੱਖੀ ਗਈ ਹੈ।
ਸਿਆਸੀ ਦਿੱਗਜਾਂ ਨੂੰ ਦਿੱਤੀ ਮਾਤ: ਦੱਸ ਦਈਏ ਦਿਨੇਸ਼ ਚੱਢਾ ਨੇ ਆਮ ਆਦਮੀ ਪਾਰਟੀ ਵੱਲੋਂ 2022 ਵਿੱਚ ਰੋਪੜ ਤੋਂ ਚੋਣ ਲੜ ਕੇ ਸਿਆਸੀ ਦਿੱਗਜਾਂ ਦਲਜੀਤ ਸਿੰਘ ਚੀਮਾ ਅਤੇ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਵਰਿੰਦਰ ਢਿੱਲੋਂ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਸੀ। ਇਸ ਤੋਂ ਇਲਾਵਾ ਵਿਧਾਇਕ ਚੱਢਾ ਪੇਸ਼ੇ ਵਜੋਂ ਵਕੀਲ ਹਨ ਅਤੇ ਉਹ ਬਹੁਤ ਲੰਮਾਂ ਸਮਾਂ 'ਆਪ' ਵੱਲੋਂ ਜ਼ਿਲ੍ਹਾਂ ਪ੍ਰਧਾਨ ਵੀ ਰਹੇ ਹਨ। ਆਰਟੀਆਈ ਐਕਟੀਵਿਸਟ ਵਜੋਂ ਵੀ ਵਿਧਾਇਕ ਦਿਨੇਸ਼ ਚੱਢਾ ਨੇ ਅਹਿਮ ਭੂਮਿਕਾ ਨਿਭਾਈ ਹੈ। ਹੁਣ ਇਸ ਮਾਮਲੇ ਵਿੱਚ ਜਿੱਥੇ ਅਦਾਲਤ ਨੇ 'ਆਪ' ਵਿਧਾਇਕ ਖ਼ਿਲਾਫ਼ ਗੈਰ ਜ਼ਾਮਾਨਤੀ ਵਾਰੰਟ ਜਾਰੀ ਕੀਤੇ ਹਨ ਉੱਥੇ ਹੀ ਵਿਧਾਇਕ ਨੂੰ ਉਨ੍ਹਾਂ ਦੇ ਆਪਣੇ ਹੀ ਜ਼ਿਲ੍ਹੇ ਵਿੱਚ ਭਗੋੜਾ ਵੀ ਐਲਾਨ ਦਿੱਤਾ ਹੈ। ਇਸ ਮਾਮਲੇ ਉੱਤੇ ਫਿਲਹਾਲ ਵਿਧਾਇਕ ਦਿਨੇਸ਼ ਚੱਢਾ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ: Control drug addiction: ਨਸ਼ਿਆਂ 'ਤੇ ਠੱਲ ਪਾਉਣ ਲਈ 7 ਸੂਬਿਆਂ ਦੇ ਅਧਿਕਾਰੀਆਂ ਦੀ ਮੀਟਿੰਗ, ਹੋਈ ਇਹ ਚਰਚਾ