ਚੰਡੀਗੜ੍ਹ: ਸੂਬੇ ਵਿੱਚ ਤਾਲਾਬੰਦੀ ਵਧਾਉਣ ਦੀਆਂ ਖਬਰਾਂ ਦਾ ਖੰਡਨ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਦੇ ਕੇਸ ਵਧ ਰਹੇ ਹਨ ਪਰ ਸਥਿਤੀ ਕਾਬੂ ਹੇਠ ਹੈ, ਇਸ ਲਈ ਹਾਲੇ ਤਾਲਾਬੰਦੀ ਵਧਾਉਣ ਬਾਰੇ ਕੋਈ ਵਿਚਾਰ ਨਹੀਂ ਹੈ।
ਬਲਬੀਰ ਸਿੱਧੂ ਨੇ ਕਿਹਾ ਕਿ ਤਾਲਾਬੰਦੀ ਵਧਾਉਣ ਬਾਰੇ ਹਾਲੇ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਅਤੇ ਉਨ੍ਹਾਂ ਕਿਹਾ ਕਿ ਬਾਕੀ ਮਾਹਿਰ ਕਮੇਟੀ ਹਰ ਰੋਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਦੇ ਰਹੀ ਹੈ।
ਇੱਕ ਨਿੱਜੀ ਚੈਨਲ ਵੱਲੋਂ ਪੰਜਾਬ 'ਚ ਤਾਲਾਬੰਦੀ ਵਧਾਏ ਜਾਣ ਬਾਰੇ ਚਲਾਈ ਗਈ ਖ਼ਬਰ ਦਾ ਖੰਡਨ ਕਰਦਿਆਂ ਸਿੱਧੂ ਨੇ ਕਿਹਾ ਕਿ ਉਹ ਇਸ ਖ਼ਬਰ ਤੋਂ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਤਾਲਾਬੰਦੀ ਵਧਾਉਣ ਦਾ ਫ਼ੈਸਲਾ ਉਹ ਇਕੱਲਿਆ ਨਹੀਂ ਲੈ ਸਕਦੇ, ਇਸ ਦੇ ਲਈ ਮੁੱਖ ਮੰਤਰੀ ਕੈਪਟਨ ਸਣੇ ਤਮਾਮ ਮਾਹਿਰ ਕਮੇਟੀ ਦੀ ਸਲਾਹ ਜ਼ਰੂਰੀ ਹੁੰਦੀ ਹੈ।
ਇਹ ਵੀ ਪੜੋ: ਪਾਕਿਸਤਾਨ 'ਚ ਫਸੇ 250 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ ਅੱਜ ਪਰਤੇਗਾ ਭਾਰਤ
ਉੱਥੇ ਹੀ ਬਲਬੀਰ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਤੋਂ ਇਲਾਜ ਕਰਵਾਉਣ ਦੇ ਲਈ ਲੋਕ ਪੰਜਾਬ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਹਰ ਇੱਕ ਨਾਗਰਿਕ ਦੀ ਚੈਕਿੰਗ ਹੋ ਰਹੀ ਹੈ ਤੇ ਬਾਰਡਰਾਂ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਕੋਰੋਨਾ ਮਹਾਂਮਾਰੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹਾਲਾਤਾਂ ਨਾਲ ਨਜਿੱਠਣ ਦੀ ਤਾਰੀਫ਼ ਦਾ ਸਾਰਾ ਸਿਹਰਾ ਬਲਬੀਰ ਸਿੱਧੂ ਨੇ ਮੁੱਖ ਮੰਤਰੀ ਨੂੰ ਦਿੱਤਾ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੰਜਾਬ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ।