ਚੰਡੀਗੜ੍ਹ : ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੱਗੇ ਕੌਮੀ ਇਨਸਾਫ਼ ਮੋਰਚਾ ਵਿਚ ਖੂਨੀ ਭੇੜ ਹੋਇਆ ਹੈ। ਕੌਮੀ ਇਨਸਾਫ਼ ਮੋਰਚੇ ਦੇ ਨਿਹੰਗਾਂ ਦਰਮਿਆਨ ਹੋਈ ਝੜਪ ਵਿੱਚ ਬੱਬਰ ਸਿੰਘ ਚੰਦੀ (ਬਾਬਾ ਆਮਨਾ ਗਰੁੱਪ) ਨਾਂ ਦਾ ਨਿਹੰਗ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ।
ਖੂਨੀ ਝੜਪ ਦੌਰਾਨ ਵੱਢਿਆ ਨਿਹੰਗ ਸਿੰਘ ਦਾ ਹੱਥ : ਜਾਣਕਾਰੀ ਅਨੁਸਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਦੌਰਾਨ ਬੀਤੀ ਰਾਤ ਖੂਨੀ ਝੜਪ ਹੋਈ। ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਇਸ ਝੜਪ 'ਚ ਨਿਹੰਗ ਸਿੰਘ, ਜਿਸ ਦਾ ਨਾਅ ਬੱਬਰ ਸਿੰਘ ਦੱਸਿਆ ਜਾ ਰਿਹਾ ਹੈ, ਗੰਭੀਰ ਜ਼ਖਮੀ ਹੋ ਗਿਆ। ਨਿਹੰਗ ਸਿੰਘਾਂ ਦੀ ਆਪਸੀ ਝੜਪ 'ਚ ਉਸ ਦੇ ਦੋਵੇਂ ਹੱਥ ਵੱਢ ਗਏ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਮੋਹਾਲੀ ਦੇ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਾਈ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਮੋਹਾਲੀ ਵਿਖੇ ਲੱਗੇ ਮੋਰਚੇ ਵਿਚ ਹੋਈ ਝੜਪ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ ਤੇ ਹਾਲਾਤ ਦਾ ਜਾਇਜ਼ਾ ਲਿਆ। ਹਾਲਾਂਕਿ ਪੁਲਿਸ ਨੂੰ ਹਾਲੇ ਤਕ ਝੜਪ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖ਼ਮੀ ਹੋਏ ਨੌਜਵਾਨ ਦੀ ਹਾਲਤ ਸਥਿਰ ਹੋਣ ਉਤੇ ਉਸ ਦੇ ਬਿਆਨ ਦਰਜ ਕੀਤੇ ਜਾਣਗੇ ਤੇ ਅਗਲੀ ਕਾਰਵਾਈ ਕੀਤੀ ਜਾਵੇਗਾ। ਫਿਲਹਾਲ ਪ੍ਰਤੱਖਦਰਸ਼ੀਆਂ ਪਾਸੋਂ ਝੜਪ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : Inder Iqbal Singh Resigned: ਅਕਾਲੀ ਦਲ ਨੂੰ ਝਟਕਾ, ਇੰਦਰ ਇਕਬਾਲ ਸਿੰਘ ਨੇ ਦਿੱਤਾ ਅਸਤੀਫ਼ਾ, ਭਾਜਪਾ ਦਾ ਫੜ ਸਕਦੇ ਨੇ ਪੱਲਾ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੱਗਾ ਪੱਕਾ ਮੋਰਚਾ : ਦੱਸ ਦਈਏ ਕਿ ਮੋਹਾਲੀ ਵਿਖੇ ਪਿਛਲੇ ਕਈ ਦਿਨਾਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਲੱਗਾ ਹੋਇਆ ਹੈ। ਹਾਲਾਂਕਿ ਮੋਰਚੇ ਵੱਲੋਂ ਕਈ ਵਾਰ ਸਰਕਾਰ ਨਾਲ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰਦਰਸ਼ਨ ਕੀਤੇ ਗਏ ਪਰ ਹਾਲੇ ਤਕ ਕੋਈ ਵੀ ਗੱਲ ਸਿਰੇ ਨਹੀਂ ਲੱਗੀ। ਜਥੇਬੰਦੀਆਂ ਦਾ ਮੋਰਚਾ ਬਾਦਸਤੂਰ ਜਾਰੀ ਹੈ।