ਚੰਡੀਗੜ੍ਹ: ਇੱਕ ਸਾਲ ਤੋਂ ਚੁੱਪ ਬੈਠੇ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਟਵੀਟ ਨੇ ਇੱਕ ਵਾਰ ਮੁੜ ਸਿਆਸਤ ਵਿਚ ਖਲਬਲੀ ਮਚਾ ਦਿੱਤੀ ਹੈ ਨਵਜੋਤ ਕੌਰ ਸਿੱਧੂ ਨੇ ਮੰਗਲਵਾਰ ਨੂੰ ਟਵੀਟ ਕਰਕੇ ਬੀਜੇਪੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਨੂੰ ਲੁੱਟਿਆ, ਜੇ ਬੀਜੇਪੀ ਵੱਖ ਹੋ ਕੇ ਲੜਦੀ ਤਾਂ ਸ਼ਾਇਦ ਬੁਰੇ ਤਰੀਕਿਆਂ ਨਾਲ ਨਾ ਹਾਰਦੀ।
ਇਸ ਬਾਬਤ ਈਟੀਵੀ ਭਾਰਤ ਵੱਲੋਂ ਬੀਜੇਪੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨਾਲ ਖ਼ਾਸ ਗੱਲਬਾਤ ਕੀਤੀ ਗਈ ਕਿ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਬੀਜੇਪੀ ਵਿੱਚ ਸ਼ਾਮਿਲ ਹੋਣਗੇ, ਜਿਸ ਦਾ ਜਵਾਬ ਦਿੰਦਿਆਂ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਆਪਣਾ ਆਤਮ ਚਿੰਤਨ ਮੰਥਨ ਕਰਕੇ ਸੋਚ ਲੈਣ ਕਿ ਉਨ੍ਹਾਂ ਨੇ ਕਿਸ ਘਰ ਦੇ ਵਿੱਚ ਰਹਿਣਾ ਹੈ।
ਮਦਨ ਮੋਹਨ ਮਿੱਤਲ ਨੇ ਨਵਜੋਤ ਕੌਰ ਸਿੱਧੂ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਇਹ ਕੋਈ ਚੰਗੀ ਸਿਆਸਤ ਨਹੀਂ ਕਿ ਵੋਟਾਂ ਤੋਂ ਡੇਢ ਸਾਲ ਪਹਿਲਾਂ ਉਹ ਕਿਸੇ ਵੀ ਪਾਰਟੀ ਦੀ ਸਿਫ਼ਤ ਕਰਨ ਲੱਗ ਪੈਣ। ਉਨ੍ਹਾਂ ਆਪਣੀ ਉਦਾਹਰਣ ਦਿੰਦਿਆਂ ਦੱਸਿਆ ਕਿ ਬੀਜੇਪੀ ਦੇ ਵਿੱਚ ਰਹਿੰਦਿਆਂ ਉਹ ਅਕਾਲੀ ਦਲ ਵਿੱਚ ਆਪਣੀ ਗੱਲ ਰੱਖਦੇ ਹਨ, ਹਰ ਕੰਮ ਕਰਵਾਉਂਦੇ ਹਨ। ਨਵਜੋਤ ਸਿੰਘ ਸਿੱਧੂ ਨੂੰ ਆਪਣੀ ਮਨਿਸਟਰੀ ਛੱਡਣੀ ਨਹੀਂ ਚਾਹੀਦੀ ਸੀ ਬਲਕਿ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੀਦਾ ਸੀ।
ਸਿੱਧੂ ਜੋੜੇ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮਿੱਤਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੀ ਉਨ੍ਹਾਂ ਦੇ ਹਲਕੇ ਵਿੱਚ ਕੰਮ ਹੁੰਦੇ ਰਹੇ ਹਨ ਅਤੇ ਕਾਂਗਰਸ ਦੇ ਮੁੱਖ ਮੰਤਰੀ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਦੀ ਚਿੱਠੀ ਦਾ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਵਿੱਚ ਵੀ ਵਿਕਾਸ ਕਾਰਜ ਹੋ ਰਹੇ ਹਨ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਵੱਲੋਂ ਰਾਜ ਸਭਾ ਤੇ ਕੈਬਿਨੇਟ ਮੰਤਰੀ ਦੀ ਕੁਰਸੀ ਛੱਡਣ ਉੱਤੇ ਬੋਲਦਿਆਂ ਕਿਹਾ ਕਿ ਸਿੱਧੂ ਨੂੰ ਇੰਝ ਲੱਗਦਾ ਹੈ ਕਿ ਕੁਰਬਾਨੀ ਸਿਰਫ ਉਨ੍ਹਾਂ ਨੇ ਦਿੱਤੀ ਹੈ। ਰਜਿੰਦਰ ਕੌਰ ਭੱਠਲ ਦੇ ਮਾਤਾ ਪਿਤਾ, ਸੇਵਾ ਸਿੰਘ ਠੀਕਰੀਵਾਲਾ ਅਤੇ ਤਮਾਮ ਵੱਡੇ ਦੇਸ਼ਾਂ ਦੇ ਸਿਆਸੀ ਨੁਮਾਇੰਦਿਆਂ ਦੇ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਸਿੱਧੂ ਦੇ ਕੁਰਬਾਨੀ ਦੇ ਮੂਹਰੇ ਕੁਝ ਨਹੀਂ ਇਹ ਗ਼ਲਤ ਫ਼ਹਿਮੀ ਦੇ ਵਿੱਚ ਜੀਅ ਰਹੇ ਹਨ।
ਮਦਨ ਮੋਹਨ ਮਿੱਤਲ ਨੇ ਬਾਦਲਾਂ ਦੀ ਟਰਾਂਸਪੋਰਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਪੀਆਰਟੀਸੀ ਨੂੰ ਵਧੀਆ ਚਲਾ ਸਕਦੀ ਹੁੰਦੀ ਤਾਂ ਹੁਣ ਤੱਕ ਬਾਦਲਾਂ ਦੀ ਟਰਾਂਸਪੋਰਟ ਖ਼ਤਮ ਕਰ ਦਿੱਤੀ ਗਈ ਹੁੰਦੀ। ਇਸ ਵਾਰ 2022 ਵਿੱਚ ਜਿੱਥੇ ਬੀਜੇਪੀ ਅੱਧੀਆਂ ਸੀਟਾਂ ਉੱਤੇ ਅਕਾਲੀ ਦਲ ਨਾਲ ਮਿਲ ਕੇ ਲੜੇਗਾ ਉੱਥੇ ਹੀ ਉਹ 117 ਸੀਟਾਂ ਦੀ ਤਿਆਰੀ ਕਰ ਰਿਹਾ ਹੈ।