ਚੰਡੀਗੜ੍ਹ: ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਗ੍ਰਹਿ ਵਿਭਾਗ ਵੱਲੋਂ ਇੰਟਰਨੈੱਟ ਚਲਾਉਣ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ। ਜਿਸ ਦੇ ਅਨੁਸਾਰ 6 ਜਿਲ੍ਹਿਆਂ ਵਿੱਚ ਇੰਟਰਨੈੱਟ ਉੱਤੇ ਪੂਰਨ ਪਾਬੰਦੀ ਲਗਾਈ ਗਈ ਹੈ। ਜਿਸ ਵਿੱਚ ਤਰਨਤਾਰਨ, ਫਿਰੋਜ਼ਪੁਰ, ਮੋਗਾ ਅਤੇ ਸੰਗਰੂਰ ਸ਼ਾਮਲ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਅਜਨਾਲਾ 'ਚ ਵੀ ਇੰਟਰਨੈੱਟ ਬੰਦ ਰਹੇਗਾ। ਇਸ ਦੇ ਨਾਲ ਹੀ ਮੋਹਾਲੀ ਦੇ ਵਾਈ.ਪੀ.ਐੱਸ. ਚੌਂਕ ਅਤੇ ਏਅਰਪੋਰਟ 'ਤੇ ਵੀ ਇੰਟਰਨੈੱਟ 'ਤੇ ਪਾਬੰਧੀ ਲੱਗੀ ਰਹੇਗੀ। ਇਨ੍ਹਾਂ ਸਾਰੇ ਜਿਲ੍ਹਿਆ ਵਿੱਚ 23 ਮਾਰਚ ਦੁਪਹਿਰ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਠੱਪ ਰਹਿਣਗੀਆਂ। ਪੰਜਾਬ ਦੇ ਬਾਕੀ ਜਿਲ੍ਹਿਆ ਵਿੱਚ ਮੰਗਲਵਾਰ 12 ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬਹਾਲ ਕੀਤੀਆਂ ਗਈਆਂ।
ਇਹ ਇੰਟਰਨੈੱਟ ਸੇਵਾਵਾਂ 18 ਮਾਰਚ ਨੂੰ ਅੰਮ੍ਰਿਤਪਾਲ ਉਤੇ ਕਾਰਵਾਈ ਦੌਰਾਨ ਠੱਪ ਕੀਤੀਆ ਗਈਆਂ ਸਨ। 19 ਮਾਰਚ ਤੱਕ ਇੰਟਰਨੈੱਟ ਸੇਵਾਵਾਂ ਠੱਪ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਤੋਂ ਬਾਅਦ 20 ਤੱਕ ਵਧਾ ਦਿੱਤਾ ਗਿਆ। ਇਸ ਤੋਂ ਬਾਅਦ ਅੱਜ ਮੰਗਲਵਾਰ 21 ਮਾਰਚ ਨੂੰ ਕੁਝ ਜਿਲ੍ਹਿਆ ਵਿੱਚ ਇੰਟਰਨੈੱਟ ਸੇਵਾਵਾਂ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ।
ਹਾਈਕੋਰਟ 'ਚ ਪਟੀਸ਼ਨ: ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਕਰਨ ਦੇ ਮਾਮਲੇ ਵਿਰੁੱਧ ਐਡਵੋਕੇਟ ਜਗਮੋਹਨ ਭੱਟੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਸਲੇ ਨੂੰ ਲੈਕੇ ਹਾਈਕੋਰਟ ਵਿੱਚ ਜਲਦ ਸੁਣਵਾਈ ਵੀ ਹੋ ਸਕਦੀ ਹੈ। ਪੰਜਾਬ ਵਿੱਚ ਗਲਤ ਜਾਣਕਾਰੀ, ਭੜਕਾਊ ਚੀਜ਼ਾ ਨੂੰ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਬੰਦ ਕੀਤਾ ਗਿਆ ਸੀ ਤਾਂ ਜੋ ਸੂਬੇ ਵਿੱਚ ਅਮਨ ਸ਼ਾਤੀ ਬਣੀ ਰਹੇ ਇਸ ਦੇ ਨਾਲ ਹੀ ਕੁਝ ਜਿਲ੍ਹਿਆ ਵਿੱਚ ਧਾਰਾ 144 ਵੀ ਲਗਾਈ ਗਈ ਹੈ।
ਪਹਿਲਾਂ ਵੀ ਕੀਤਾ ਗਿਆ ਸੀ ਇੰਟਰਨੈੱਟ ਬੰਦ : ਇੰਟਰਨੈੱਟ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੋਕਾਂ ਦੇ ਆਨਲਾਈਨ ਭੁਗਤਾਨ ਰੁਕ ਗਏ ਸਨ। ਇੰਟਰਨੈੱਟ ਉਤੇ ਨਿਰਭਰ ਹਰ ਕੰਮ ਰੁੱਕ ਗਿਆ ਸੀ। ਇਸ ਤੋਂ ਪਹਿਲਾ ਵੀ ਜਦੋਂ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਸ਼ਜ਼ੀ ਸੁਣਾਈ ਗਈ ਸੀ ਉਸ ਸਮੇਂ ਵੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਅੰਮ੍ਰਿਤਪਾਲ ਦੀ ਗ੍ਰਿਫਤਾਰੀ ਤੱਕ ਇੰਟਰਨੈਟ ਬੰਦ ਰਹਿਣ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਪਰ 6 ਜਿਲ੍ਹਿਆਂ ਨੂੰ ਛੱਡ ਕੇ ਬਾਕੀ ਥਾਵਾਂ ਉਤੇ ਇੰਟਰਨੈੱਟ ਚਲਾ ਦਿੱਤਾ ਗਿਆ।
ਇਹ ਵੀ ਪੜ੍ਹੋ:- Search Opration Amritpal Live Updates: ਇੰਟਰਨੈੱਟ ਸੇਵਾਵਾਂ ਨੂੰ ਲੈ ਕੇ ਵੱਡੀ ਖ਼ਬਰ, ਅੰਮ੍ਰਿਤਪਾਲ ਸਿੰਘ ਦੀ ਭਾਲ ਜਾਰੀ