ਚੰਡੀਗੜ੍ਹ: ਮਿਲਟਰੀ ਲਿਟਰੇਚਰ ਫ਼ੈਸਟੀਵਲ-2019 ਲੇਕ ਕਲੱਬ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਇਸ ਫ਼ੈਸਟੀਵਲ 'ਚ ਵਿਦਿਆਰਥੀਆਂ ਨੇ ਫ਼ੌਜੀ ਸਾਹਿਤ ,ਮਾਰਸ਼ਲ ਆਰਟ,ਕਰਤੱਬਾਂ, ਮਿਲਟਰੀ ਸਬੰਧੀ ਪੇਂਟਿੰਗ ਤੇ ਹਥਿਆਰਾਂ ਦੀ ਨੁਮਾਇਸ਼ ਤੇ ਕਲੈਰੀਅਨ ਥੀਏਟਰ ਆਦਿ ਰਾਹੀਂ ਫ਼ੌਜ ਦੇ ਵੱਖ-ਵੱਖ ਪੱਖਾਂ 'ਤੇ ਜਾਣਕਾਰੀ ਹਾਸਲ ਕੀਤੀ।

ਮਿਲਟਰੀ ਲਿਟਰੇਚਰ ਫੈਸਟੀਵਲ ਵਿੱਖੇ ਭਾਰਤੀ ਫ਼ੌਜ ਵੱਲੋਂ ਜੰਗ ਦੇ ਮੈਦਾਨਾਂ ਵਿੱਚ ਜਿੱਤ ਹਾਸਲ ਕਰਨ 'ਤੇ ਇੰਨ੍ਹਾਂ ਜਿੱਤਾਂ ਪਿੱਛੇ ਸ਼ਹੀਦ ਜਵਾਨਾਂ ਤੇ ਅਫਸਰਾਂ ਦੀ ਦੇਣ, ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਦੀ ਤਰਜ਼ਮਾਨੀ ਕਰਦੀ 'ਮਿਲਟਰੀ ਆਰਟ ਤੇ ਪੇਂਟਿੰਗ' ਨੁਮਾਇਸ਼ ਵਿਚ ਤਿੰਨੋਂ ਦਿਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਆਮਦ ਰਹੀ। ਇਸ ਮੌਕੇ ਵੱਖ ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਪੋਸਟ ਕਾਰਡਾਂ ਤੇ ਪੇਂਟਿੰਗਜ਼ ਰਾਹੀਂ ਸ਼ਹੀਦ ਜਵਾਨਾਂ ਨੂੰ ਧੰਨਵਾਦੀ ਸੁਨੇਹਿਆਂ ਵਾਲੀਆਂ ਚਿੱਠੀਆਂ ਲਿਖੀਆਂ ਗਈਆਂ ਤੇ ਥਲ ਸੈਨਾ ਆਧਾਰਿਤ ਸੁੰਦਰ ਪੇਂਟਿੰਗਾਂ ਬਣਾਈਆਂ ਗਈਆਂ।ਇਸ ਪ੍ਰਦਰਸ਼ਨੀ ਵਿਚ ਫੌਜੀ ਪਿਛੋਕੜ ਵਾਲੇ ਇੰਜਨੀਅਰ ਨਰਿੰਦਰਪਾਲ ਸਿੰਘ ਵੱਲੋਂ ਰੱਖੇ ਪੁਰਾਣੇ ਅਤੇ ਦੁਰਲਭ ਤਗਮੇ ਵੀ ਖਿੱਚ ਦਾ ਕੇਂਦਰ ਰਹੇ। ਇਸ ਮਿਲਟਰੀ ਮੇਲੇ ਦਾ ਖਾਸ ਪੱਖ ਕਲੈਰੀਅਨ ਕਾਲ ਥੀਏਟਰ ਤੇ 'ਸੰਵਾਦ' ਪ੍ਰੋਗਰਾਮ ਰਿਹਾ।

ਇਸੇ ਤਰ੍ਹਾਂ 'ਸੰਵਾਦ' ਪ੍ਰੋਗਰਾਮ ਤਹਿਤ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਵੱਖ ਵੱਖ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਦੇ ਲਗਭਗ 1800 ਵਿਦਿਆਰਥੀਆਂ ਨੂੰ ਵੱਖ ਵੱਖ ਪੁਰਸਕਾਰ ਜੇਤੂ ਅਫਸਰਾਂ ਨਾਲ ਰੂ-ਬ-ਰੂ ਹੋਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਭਾਰਤੀ ਸੈਨਾ ਵਿਚ ਸੈਨਿਕਾਂ ਨੂੰ ਦਿੱਤੀਆਂ ਜਾਂਦੀਆਂ ਸੇਵਾਵਾਂ ਤੇ ਸਹੂਲਤਾਂ, ਉਨ੍ਹਾਂ ਦੇ ਤਜਰਬੇ ਤੇ ਹੋਰਾਂ ਮਿਲਟਰੀ ਵਿਸ਼ਿਆਂ 'ਤੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।

ਤਿੰਨ ਦਿਨ ਚੱਲੇ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਨੇ ਫੌਜ ਦੀ ਬਹਾਦਰੀ, ਸਮਰਪਨ ਤੇ ਵੀਰਤਾ ਭਰੇ ਇਤਿਹਾਸ ਦੀ ਬਾਤ ਪਾਈ, ਉਥੇ ਜਵਾਨਾਂ ਦੇ ਮਾਰਸ਼ਲ ਆਰਟ ਕਰੱਤਬ ਤੇ ਵਿੰਟੇਜ ਕਾਰਾਂ ਤੇ ਮੋਟਰਸਾਈਕਲਾਂ ਦੀ ਨੁਮਾਇਸ਼ ਵੀ ਲੋਕਾਂ 'ਚ ਚਰਚਾ ਦਾ ਵਿਸ਼ਾ ਰਹੀ।
ਇਸ ਦੇ ਨਾਲ ਹੀ ਪੰਜਾਬ 'ਚੋਂ ਆਈਐਚਐਮ ਬਠਿੰਡਾ, ਵੇਰਕਾ, ਫੂਡ ਕਾਰਟ ਇੰਸਟੀਚਿਊਟ ਹੁਸ਼ਿਆਰਪੁਰ ਆਦਿ ਤੋਂ ਇਲਾਵਾ ਹਰਿਆÎਣਵੀ ਜਲੇਬੀ ਸਟਾਲ ਤੇ ਰਾਜਸਥਾਨੀ ਖਾਣੇ ਦੀ ਸਟਾਲ ਤੇ ਫਰੋਯੋ 'ਤੇ ਲੋਕਾਂ ਨੇ ਲਜ਼ੀਜ਼ ਖਾਣੇ ਦਾ ਸਵਾਦ ਵੀ ਚੱਖਿਆ।