ਚੰਡੀਗੜ੍ਹ: ਸੂਬੇ ਦੇ ਗ੍ਰਹਿ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਬਣਾਏ ਰੱਖਣ ਸਬੰਧੀ ਐਮਐਚਏ ਦੀਆਂ ਹਦਾਇਤਾਂ ਅਨੁਸਾਰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿੱਚ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਏ ਰੱਖਣ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਐਮਐਚਏ ਵੱਲੋਂ ਇਸ ਸਬੰਧ ਵਿੱਚ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ (ਐਸਓਪੀ) ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਸਮੇਂ ਸਮੇਂ 'ਤੇ ਸਾਰੇ ਪ੍ਰਬੰਧਕੀ ਸਕੱਤਰਾਂ/ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਸਰਕਾਰੀ ਬੁਲਾਰੇ ਮੁਤਾਬਕ, ਐਮਐਚਏ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਰੂਰੀ ਵਸਤਾਂ ਦੀ ਸਪਲਾਈ ਲੜੀ ਵਿੱਚ ਉਨ੍ਹਾਂ ਦਾ ਨਿਰਮਾਣ ਅੰਤਰਰਾਜੀ ਟਰਾਂਸਪੋਰਟ ਹੋਵੇਗਾ ਅਤੇ ਪ੍ਰਚੂਨ ਦੁਕਾਨਾਂ ਵਲੋਂ ਵਿਕਰੀ ਸ਼ਾਮਲ ਹੈ। ਇਸੇ ਤਰ੍ਹਾਂ ਜ਼ਰੂਰੀ ਸਪਲਾਈ ਅਤੇ ਸੇਵਾਵਾਂ ਵਿੱਚ ਖਾਣ ਪੀਣ ਦੀਆਂ ਚੀਜ਼ਾਂ, ਫਲ, ਸਬਜ਼ੀਆਂ, ਡੇਅਰੀ ਉਤਪਾਦ, ਦਵਾਈਆਂ ਅਤੇ ਡਾਕਟਰੀ ਉਪਕਰਣ, ਐਲਪੀਜੀ ਅਤੇ ਪੀਓਐਲ, ਪਸ਼ੂ ਫੀਡ, ਬੈਂਕ, ਆਈ.ਟੀ. ਅਤੇ ਈ-ਕਾਮਰਸ (ਫਲਿੱਪਕਾਰਟ, ਐਮਾਜ਼ੌਨ ਆਦਿ) ਸ਼ਾਮਲ ਹਨ।
ਇਸ ਅਨੁਸਾਰ, ਇਸ ਮੰਤਵ ਨਾਲ ਜੁੜੇ ਕਾਮਿਆਂ ਅਤੇ ਵਾਹਨਾਂ ਨੂੰ ਲੌਕਡਾਊਨ/ਕਰਫਿਊ ਦੌਰਾਨ ਆਵਾਜਾਈ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਦੂਜੇ ਸੂਬਿਆਂ ਵਿੱਚ ਜਾਰੀ ਕੀਤੇ ਗਏ ਪਾਸ ਪੰਜਾਬ ਵਿੱਚ ਵੀ ਢੁੱਕਵੇਂ ਮੰਨੇ ਜਾਣਗੇ। ਐਮਐਚਏ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪ੍ਰਚੂਨ ਦੀਆਂ ਦੁਕਾਨਾਂ ਨੂੰ ਵੀ ਵਾਰੀ ਸਿਰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ।
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਾਕਟਰੀ ਸਹਾਇਤਾ ਦੀ ਲੋੜ ਵਾਲੇ ਵਿਅਕਤੀਆਂ ਨੂੰ ਹਸਪਤਾਲਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਤੱਕ ਮੁਫਤ ਪਹੁੰਚਣ ਦੀ ਆਗਿਆ ਹੋਣੀ ਚਾਹੀਦੀ ਹੈ। ਯਾਤਰਾ ਦੀ ਸ਼ੁਰੂਆਤ ਅਤੇ ਮੰਜ਼ਿਲ ਬਾਰੇ ਦੱਸਦਿਆ ਕਰਫਿਊ ਪਾਸ ਸਥਾਨਕ ਅਥਾਰਟੀਆਂ ਵਲੋਂ ਜਾਰੀ ਕੀਤੇ ਜਾਣਗੇ। ਇੱਕ ਜ਼ਿਲ੍ਹੇ ਵਿੱਚ ਜਾਰੀ ਕੀਤੇ ਗਏ ਅਜਿਹੇ ਪਾਸ ਰਾਜ ਭਰ ਵਿੱਚ ਮੰਨੇ ਜਾਣਗੇ।
ਇਹ ਵੀ ਪੜ੍ਹੋ: ਸਰਕਾਰ ਦੇ ਰਿਹਾਅ ਕਰਨ ਤੋਂ ਪਹਿਲਾਂ ਹੀ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਚਾਰ ਕੈਦੀ ਹੋਏ ਦੁੜਕੀ