ਚੰਡੀਗੜ੍ਹ: ਪੰਜਾਬ ਵਿੱਚ ਹੁਣ ਬੀਅਰ 60 ਰੁਪਏ ਤੋਂ ਘੱਟ ਅਤੇ 220 ਰੁਪਏ ਤੋਂ ਜ਼ਿਆਦਾ ਨਹੀਂ ਵਿਕ ਸਕੇਗੀ। ਪੰਜਾਬ ਦੇ ਆਬਕਾਰੀ ਵਿਭਾਗ ਨੇ ਨਵੀਆਂ ਕੀਮਤਾਂ ਤੈਅ ਕਰ ਦਿੱਤੀਆਂ ਹਨ। ਬੀਅਰ ਦੇ ਕੈਨ ਅਤੇ ਬੋਤਲਾਂ ਲਈ ਘੱਟੋ-ਘੱਟ ਅਤੇ ਵੱਧ ਤੋਂ ਵੱਧ ਪ੍ਰਚੂਨ ਵਿਕਰੀ ਕੀਮਤਾਂ ਬੀਅਰ ਦੀ ਮਾਤਰਾ 'ਤੇ ਆਧਾਰਿਤ ਹੋਣਗੀਆਂ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਆਬਕਾਰੀ ਨੀਤੀ, 2023-24 ਵਿੱਚ ਸੈਕਸ਼ਨ-28 ਜੋੜਿਆ ਗਿਆ ਹੈ, ਬੀਅਰ ਦੀ ਘੱਟੋ-ਘੱਟ ਕੀਮਤ ਬੀਅਰ ਦੀ ਕੀਮਤ ਨੂੰ ਕਾਇਮ ਰੱਖਣ ਲਈ ਤੈਅ ਕੀਤੀ ਗਈ ਹੈ। ਸਰਕਾਰ ਨੂੰ ਵੱਧ ਤੋਂ ਵੱਧ ਪ੍ਰਚੂਨ ਮੁੱਲ ਤੈਅ ਕਰਨ ਦਾ ਅਧਿਕਾਰ ਹੈ। ਇਹ ਕੀਮਤ ਐਕਸਾਈਜ਼ ਪਾਲਿਸੀ ਦੀ ਅਨੁਸੂਚੀ- 3 ਦੇ ਫਾਰਮੂਲੇ ਅਨੁਸਾਰ ਤੈਅ ਕੀਤੀ ਗਈ ਹੈ। ਇਸ ਨਾਲ ਸ਼ਰਾਬ ਦੇ ਕਾਰੋਬਾਰ ਦਾ ਪ੍ਰਭਾਵਿਤ ਹੋਣਾ ਵੀ ਲਾਜ਼ਮੀ ਹੈ।
ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਵਿੱਚ ਸੈਕਸ਼ਨ 28 ਜੋੜਿਆ ਗਿਆ ਹੈ। ਜਿਸ ਰਾਹੀਂ ਬੀਅਰ ਦੀ ਕੀਮਤ ਨੂੰ ਵਾਜਬ ਦੇ ਅੰਦਰ ਰੱਖਣ ਲਈ ਐਲ-2/ਐਲ-14ਏ ਰਿਟੇਲ ਕੰਟਰੈਕਟਸ ਅਤੇ ਸਰਕਾਰ ਨੂੰ ਸਿੰਗਲ ਕੰਟਰੈਕਟ 'ਤੇ ਵੇਚੀ ਜਾਣ ਵਾਲੀ ਬੀਅਰ ਦੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਪ੍ਰਚੂਨ ਕੀਮਤ ਤੈਅ ਕਰਨ ਦਾ ਅਧਿਕਾਰ ਹੈ। ਸਰਕਾਰ ਦਾ ਦਾਅਵਾ ਹੈ ਕਿ ਅਜਿਹੇ ਕਦਮ ਨਾਲ ਬੀਅਰ ਦੀ ਤਸਕਰੀ ਰੋਕਣ ਵਿੱਚ ਕਾਮਯਾਬੀ ਮਿਲੇਗੀ। ਪੰਜਾਬ ਸਰਕਾਰ ਨੇ ਆਬਕਾਰੀ ਵਿਭਾਗ ਦੀ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ। ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਦੀ ਇਸ ਸ਼ਰਾਬ ਨੀਤੀ ਦਾ ਉਦੇਸ਼ ਸਾਲ 2023-24 ਦੌਰਾਨ 9,754 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਹੈ ਜਿਸ ਨਾਲ 1,004 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਨੀਤੀ ਦੇ ਅਨੁਸਾਰ, ਬੀਅਰ ਬਾਰਾਂ, ਹਾਰਡ ਬਾਰਾਂ, ਕਲੱਬਾਂ ਅਤੇ ਮਾਈਕ੍ਰੋ ਬ੍ਰੂਅਰੀਆਂ ਦੁਆਰਾ ਵੇਚੀ ਜਾਣ ਵਾਲੀ ਸ਼ਰਾਬ 'ਤੇ ਵਸੂਲੇ ਜਾਣ ਵਾਲੇ ਵੈਲਯੂ ਐਡਿਡ ਟੈਕਸ ਨੂੰ 10 ਫੀਸਦੀ ਸਰਚਾਰਜ ਤੋਂ ਇਲਾਵਾ 13 ਫੀਸਦੀ ਕਰ ਦਿੱਤਾ ਗਿਆ ਹੈ।
ਸ਼ਰਾਬ ਕਾਰੋਬਾਰ 'ਤੇ ਕੀ ਪ੍ਰਭਾਵ ?: ਵਾਈਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਿੰਦਰ ਬਰਾੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਐਕਸਾਈਜ਼ ਵਿਭਾਗ ਵੱਲੋਂ ਘੱਟ ਤੋਂ ਘੱਟ ਅਤੇ ਜ਼ਿਆਦਾ ਤੋਂ ਜ਼ਿਆਦਾ ਰੇਟ ਤੈਅ ਕੀਤੇ ਗਏ ਹਨ। ਜਿਸ ਦਾ ਮਕਸਦ ਸਰਕਾਰ ਵੱਧ ਤੋਂ ਵੱਧ ਰੈਵੇਨਿਊ ਲੈਣਾ ਚਾਹੁੰਦੀ ਹੈ। ਹੁਣ ਤੱਕ ਐਕਸਾਈਜ਼ ਵਿਚ 18 ਤੋਂ 22 ਪ੍ਰਤੀਸ਼ਤ ਵਾਧਾ ਰਿਹਾ ਹੈ। ਜੇਕਰ ਸਰਕਾਰ ਦਾ ਰੈਵੇਨਿਊ ਵੱਧ ਹੈ ਅਤੇ ਸ਼ਰਾਬ ਸਸਤੀ ਹੈ ਤਾਂ ਫਿਰ ਦੋਵਾਂ 'ਚ ਤਾਲਮੇਲ ਨਹੀਂ ਬਣਾਇਆ ਜਾ ਸਕਦਾ। ਸ਼ਰਾਬ ਕਾਰੋਬਾਰੀ ਸਰਕਾਰ ਦੇ ਇਸ ਫ਼ੈਸਲੇ ਨੂੰ ਘਾਟੇ ਦਾ ਸੌਦਾ ਦੱਸ ਰਹੇ ਹਨ ਅਤੇ ਇਸ ਨਾਲ ਸਰਕਾਰੀ ਮਾਲੀਆ ਅਤੇ ਠੇਕੇਦਾਰ ਦੀ ਆਮਦਨ ਵਿਚ ਤਾਲਮੇਲ ਵਿਗੜ ਜਾਵੇਗਾ।
ਬਜ਼ਾਰ ਵਿੱਚ ਕਈ ਮਹਿੰਗੀ ਕੀਮਤ ਦੀ ਬੀਅਰ: ਬਾਜ਼ਾਰ ਵਿੱਚ ਬੀਅਰ ਦੇ ਆਮ ਬ੍ਰਾਂਡਾ ਤੋਂ ਲੈ ਕੇ ਕਈ ਮਹਿੰਗੇ ਬ੍ਰਾਂਡ ਵੀ ਮੌਜੂਦ ਹਨ। ਆਮ ਬ੍ਰਾਂਡ ਦੀ ਬੀਅਰ 150 ਰੁਪਏ ਤੱਕ ਮਿਲਦੀ ਹੈ ਜਦ ਕਿ ਥੰਡਰਬੋਲਟ ਅਤੇ ਬੁਡਵਾਇਜ਼ਰ ਅਤੇ ਹੋਰ ਕਈ ਟੋਪ ਕਲਾਸ ਬੀਅਰ ਦੇ ਬ੍ਰਾਂਡ 280 ਰੁਪਏ ਤੱਕ ਵਿਕਦੀ ਹੈ। ਵਾਈਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਿੰਦਰ ਬਰਾੜ ਦਾ ਕਹਿਣਾ ਹੈ ਕਿ 60 ਤੋਂ 220 ਰੁਪਏ ਤੱਕ ਬੀਅਰ ਦੀ ਕੀਮਤ ਵਾਜਿਬ ਨਹੀਂ। ਅੰਗਰੇਜ਼ੀ ਸ਼ਰਾਬ ਅਤੇ ਸਕੋਚ ਦੇ ਬਾਇਓ ਬ੍ਰਾਂਡ ਦੀ ਕੀਮਤ ਤੈਅ ਕਰਨ ਲਈ ਸਰਕਾਰ ਵੱਲੋਂ ਸੋਚ ਵਿਚਾਰ ਕੀਤੀ ਜਾ ਰਹੀ ਹੈ। ਠੇਕਾ ਕਾਰੋਬਾਰੀਆਂ ਨਾਲ ਇੰਮਪੀਰੀਅਲ ਬਲੂ ਅਤੇ ਮੈਕਡਾਵਲ ਵਰਗੇ ਬ੍ਰਾਂਡ ਦੀ ਪੇਟੀ ਦੀ ਕੀਮਤ 3500 ਰੁਪਏ ਤੈਅ ਕਰਨ ਦੀ ਚਰਚਾ ਵੀ ਚੱਲੀ ਸੀ ਜਦਕਿ ਇਸਦੀ ਮੌਜੂਦਾ ਕੀਮਤ 4500 ਰੁਪਏ ਹੈ।ਸ਼ਰਾਬ ਕਾਰੋਬਾਰੀਆਂ ਤੋਂ ਜੋ ਟੈਕਸ ਵਸੂਲਿਆ ਜਾ ਰਿਹਾ ਹੈ। ਉਸ ਦੇ ਅਨੁਸਾਰ ਰੇਟ ਵੱਧਦੇ ਹਨ ਨਾ ਕਿ ਘਟਾਏ ਜਾਂਦੇ ਹਨ। ਉਹਨਾਂ ਦੇ ਕਹਿਣਾ ਹੈ ਕਿ ਜੇਕਰ ਸ਼ਰਕਾਰ ਨੇ ਸ਼ਰਾਬ ਦੇ ਰੇਟ ਘੱਟ ਕਰਨੇ ਹਨ ਜਾਂ ਫਿਕਸ ਕਰਨੇ ਹਨ ਤਾਂ ਉਹਨਾਂ ਦਾ ਟੈਕਸ ਵੀ ਘੱਟ ਹੋਣਾ ਚਾਹੀਦਾ ਹੈ। ਸਸਤੀ ਸ਼ਰਾਬ ਵੇਚ ਕੇ ਸਰਕਾਰ ਨੂੰ ਟੈਕਸ ਅਦਾ ਕਰਨਾ ਔਖਾ ਹੈ।
2015-16 'ਚ ਵੀ ਸਰਕਾਰ ਨੇ ਇਹ ਸ਼ਰਾਬ ਨੀਤੀ ਬਣਾਈ: ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਾਲ 2015-16 ਵਿਚ ਵੀ ਸਰਕਾਰ ਨੇ ਅਜਿਹੀ ਨੀਤੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਿਸ ਦੇ ਰੋਸ ਵਜੋਂ ਸ਼ਰਾਬ ਕਾਰੋਬਾਰੀਆਂ ਨੇ ਇਹ ਧੰਦਾ ਛੱਡਣ ਦਾ ਫ਼ੈਸਲਾ ਕਰਕੇ ਪ੍ਰਦਰਸ਼ਨ ਕੀਤਾ ਸੀ। ਜਿਸ ਦਾ ਪ੍ਰਭਾਵ ਇਹ ਹੋਇਆ ਕਿ ਅੱਜ ਤੱਕ ਸਰਕਾਰ ਦਾ ਰੈਵੇਨਿਊ ਡੁੱਬਿਆ ਹੋਇਆ ਹੈ ਅਤੇ ਇਸਦੀ ਭਰਪਾਈ ਨਹੀਂ ਹੋ ਸਕੀ ਜਿਸ ਦੇ ਸਿੱਟੇ ਵਜੋਂ ਕਈ ਠੇਕੇਦਾਰਾਂ ਦੇ ਕੇਸ ਵੀ ਚੱਲ ਰਹੇ ਹਨ। ਸ਼ਰਾਬ ਠੇਕੇਦਾਰਾਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਓਹੀ ਪਾਲਿਸੀ ਦੁਬਾਰਾ ਪੰਜਾਬ ਵਿਚ ਦੁਹਰਾਈ ਜਾ ਰਹੀ ਹੈ। ਸਰਕਾਰ ਉੱਤੇ ਰੋਸ ਜਾਹਿਰ ਕਰਦਿਆਂ ਪਿੰਦਰ ਬਰਾੜ ਨੇ ਕਿਹਾ ਕਿ ਸ਼ਰਾਬ ਕਾਰੋਬਾਰੀ ਪੰਜਾਬ ਵਿਚ ਇਹ ਧੰਦਾ ਬੰਦ ਕਰਕੇ ਹੋਰਨਾ ਸੂਬਿਆਂ ਵੱਲ ਜਾਣ ਦਾ ਮਨ ਬਣਾ ਰਹੇ ਹਨ। ਕੁਝ ਤਾਂ ਹਿਮਾਚਲ, ਰਾਜਸਥਾਨ ਅਤੇ ਕੁਝ ਹਰਿਆਣਾ ਚਲੇ ਗਏ ਹਨ।
ਇਹ ਵੀ ਪੜ੍ਹੋ: ਹੁਣ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਉਤੇ ਵਿਜੀਲੈਂਸ ਦਾ ਐਕਸ਼ਨ ! 8 ਘੰਟੇ ਤੱਕ ਚੱਲੀ ਪੁੱਛਗਿੱਛ