ਚੰਡਿਗੜ੍ਹ: ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਵਕੀਲਾਂ ਵੱਲੋਂ ਪੱਤਰਕਾਰਾਂ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਕੀਲਾਂ ਦੇ ਇਸ ਰਵੱਈਏ ਦੀ ਜਾਣਕਾਰੀ ਪ੍ਰੈਜ਼ੀਡੈਂਟ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਤਕਨੀਕੀ ਅਦਾਰੇ ਦੀ ਮਹਿਲਾ ਪੱਤਰਕਾਰ ਦੇ ਨਾਲ ਵਕੀਲਾਂ ਵੱਲੋਂ ਧੱਕਾਮੁੱਕੀ ਕੀਤੀ ਗਈ।
ਕੀ ਹੋਇਆ ਸੀ ਘਟਨਾ ਵਾਲੀ ਥਾਂ 'ਤੇ?
ਪੀੜਤਾ ਪੱਤਰਕਾਰ ਨੇ ਦੱਸਿਆ ਕਿ ਉਹ ਸਵੇਰੇ ਇੱਕ ਖ਼ਬਰ ਦੀ ਕਵਰੇਜ ਕਰਨ ਲਈ ਹਾਈ ਕੋਰਟ ਪਹੁੰਚੀ ਸੀ। ਖ਼ਬਰ ਦੀ ਕਵਰੇਜ ਕਰ ਰਹੀ ਪੱਤਰਕਾਰ ਨਾਲ ਵਕੀਲਾਂ ਵੱਲੋਂ ਬਦਸਲੂਕੀ ਕੀਤੀ ਗਈ। ਪੱਤਰਕਾਰ ਨੇ ਦੱਸਿਆ ਕਿ ਉਸ ਵੇਲੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੌਜੂਦ ਸਨ। ਪ੍ਰਧਾਨ ਵੱਲੋਂ ਵਕੀਲਾਂ ਨੂੰ ਬਦਸਲੂਕੀ ਕਰਨ ਤੋਂ ਨਹੀਂ ਰੋਕਿਆ ਗਿਆ ਤੇ ਆਪ ਵੀ ਚੁੱਪ ਕਰਕੇ ਦੇਖਦੇ ਰਹੇ।
ਪੀੜਤਾ ਨੇ ਦੱਸਿਆ ਕਿ ਲਗਾਤਾਰ ਵਕੀਲਾਂ ਵੱਲੋਂ ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਘਟਨਾ ਵਿੱਚ ਕੈਮਰਾਮੈਨ ਦਾ ਕੈਮਰਾ ਵੀ ਤੋੜ ਦਿੱਤਾ ਗਿਆ ਤੇ ਉਨ੍ਹਾਂ ਦੇ ਪਾਇਲਟ ਨੂੰ ਵੀ ਸੱਟ ਲੱਗੀ ਹੈ ਹਾਲਾਂਕਿ ਏ.ਜੀ ਅਤੁਲ ਨੰਦਾ ਦੇ ਵੱਲੋਂ ਵਾਰ ਵਾਰ ਪੀੜਤਾ ਨੂੰ ਇਨਸਾਫ ਦਿਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਉਹ ਕਿਤੇ ਨਾ ਕਿਤੇ ਚਾਹੁੰਦੇ ਹਨ ਕਿ ਪੀੜਤਾ ਵੱਲੋਂ ਸਮਝੌਤਾ ਕਰ ਲਿਆ ਜਾਵੇ।
ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰਕਾਰ ਪੱਤਰਕਾਰ ਕਦੋਂ ਤੱਕ ਵਕੀਲਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਰਹਿਣਗੇ। ਇੱਕ ਪਾਸੇ ਜਿੱਥੇ ਪੱਤਰਕਾਰ ਵਕੀਲਾਂ ਦੀ ਆਵਾਜ਼ ਜਨਤਕ ਕਰਦੇ ਹਨ। ਉਥੇ ਹੀ ਉਨ੍ਹਾਂ ਵੱਲੋਂ ਅਜਿਹਾ ਵਤੀਰਾ ਸਰਮਸਾਰ ਕਰਨ ਯੋਗ ਹੈ।