ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਕਿ ਕੱਦੂ ਵਿਧੀ ਰਾਹੀਂ ਝੋਨਾ ਬੀਜਣ ਨਾਲ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਰਨ ਵਾਲੇ ਲੋਕ ਆਪਣੀ ਜ਼ਮੀਨ ਦੇ ਦੁਸ਼ਮਣ ਹਨ ਪਰ ਅਸੀਂ ਆਪਣੀ ਜ਼ਮੀਨ ਨੂੰ ਆਪਣੀ ਮਾਂ ਸਮਝਦੇ ਹਾਂ। ਉਨ੍ਹਾਂ ਕਿਹਾ ਕਿ ਕੱਦੂ ਵਿਧੀ ਰਾਹੀਂ ਅਗਲੇ 20-25 ਸਾਲ ਵਿੱਚ ਜ਼ਮੀਨ ਬੰਜਰ ਹੋ ਜਾਵੇਗੀ। ਫੂਲਕਾ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ।
ਕੇਂਦਰ ਵਲੋਂ ਨਹੀਂ ਮਿਲਿਆ ਕੋਈ ਪੈਕੇਜ: ਫੂਲਕਾ ਨੇ ਕਿਹਾ ਕਿ ਖੇਤੀ ਕਰਨ ਦਾ ਇਹ ਤਰੀਕੇ ਅਤੇ ਮੁੱਦਾ ਪੰਜਾਬ ਦੇ ਹਰੇਕ ਘਰ ਨਾਲ ਜੁੜਿਆ ਹੋਇਆ ਹੈ। ਪੰਜਾਬ ਦੇ ਅਰਥਚਾਰੇ ਨਾਲ ਇਸਦਾ ਸਿੱਧਾ ਸਬੰਧ ਹੈ। ਪੰਜਾਬ ਦੇ ਭਵਿੱਖ ਨਾਲ ਵੀ ਇਸਦਾ ਸਿੱਧਾ ਤਾਅਲੁਕ ਜੁੜਿਆ ਹੋਇਆ ਹੈ। ਜਿਸੇ ਇਸੇ ਤਰੀਕੇ ਨਾਲ ਖੇਤੀਬਾੜੀ ਹੁੰਦੀ ਰਹੀ ਤਾਂ ਆਉਂਦੇ 25 ਸਾਲਾਂ ਵਿਚ ਪੰਜਾਬ ਦੀ ਜ਼ਮੀਨ ਬੰਜਰ ਹੋ ਜਾਵੇਗੀ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਸਥਿਤੀ ਕੁਝ ਵੀ ਬਦਲੀ ਨਹੀਂ। ਫੂਲਕਾ ਨੇ ਕਿਹਾ ਕਿ ਕੱਦੂ ਵਿਧੀ ਰਾਹੀਂ ਝੋਨੇ ਦੀ ਬਿਜਾਈ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ ਹੈ। ਜੇਕਰ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣਾ ਹੈ ਤਾਂ ਝੋਨੇ ਦੀ ਸਿੱਧੀ ਬਿਜਾਈ ਕਰਨੀ ਪਵੇਗੀ। 10-12 ਸਾਲ ਤੋਂ ਪੰਜਾਬ ਦੀਆਂ ਸਰਕਾਰਾਂ ਕੇਂਦਰ ਤੋਂ ਪੈਕੇਜ ਮੰਗ ਰਹੀਆਂ ਹਨ ਪਰ ਕਿਸਾਨਾਂ ਦੇ ਪੱਲੇ ਕੁੱਝ ਨਹੀਂ ਪਿਆ ਹੈ।
ਡਾ. ਅਵਤਾਰ ਸਿੰਘ ਫਗਵਾੜਾ ਦੀ ਵਿਧੀ ਦਾ ਜ਼ਿਕਰ: ਫੂਲਕਾ ਨੇ ਡਾ. ਅਵਤਾਰ ਸਿੰਘ ਫਗਵਾੜਾ ਦੁਆਰਾ ਵਿਕਸਿਤ ਕੀਤੀ ਗਈ ਹੈ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਦਾ ਵੀ ਜ਼ਿਕਰ ਕੀਤਾ। ਇਸਦੇ ਚੰਗੇ ਨਤੀਜੇ ਨਿਕਲੇ ਹਨ। ਝਾੜ ਵੀ ਕੱਦੂ ਵਿਧੀ ਦੇ ਬਰਾਬਰ ਹੀ ਆਇਆ ਹੈ। ਇਸ ਨਾਲ 8 ਤੋਂ 10 ਹਜ਼ਾਰ ਰੁਪਈਆ ਪ੍ਰਤੀ ਏਕੜ ਕਿਸਾਨਾਂ ਨੂੰ ਬੱਚਤ ਵੀ ਹੋ ਰਹੀ ਹੈ। ਇਸ ਵਿਧੀ ਨੂੰ ਏਐਸਆਰ ਦਾ ਨਾਂ ਦਿੱਤਾ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਏਐਸਆਰ ਵਿਧੀ ਰਾਹੀਂ ਝੋਨੇ ਦੀ ਬਿਜਾਈ ਵਿਚ ਹਜ਼ਾਰਾਂ ਰੁਪਏ ਬਚਾਏ ਜਾ ਸਕਦੇ ਹਨ।
ਉਹਨਾਂ ਆਖਿਆ ਕਿ ਕੱਦੂ ਨਾ ਕਰਨ ਦੀ ਸ਼ਰਤ ਵਿਚ 2500 ਰੁਪਏ ਬਚਾਏ ਜਾ ਸਕਦੇ ਹਨ। ਇਸ ਲਈ ਵੱਟਾਂ ਬੰਨੇ ਨਾ ਲਿਪ ਕੇ 500 ਰੁਪਏ ਬਚਾਏ ਜਾ ਸਕਦੇ ਹਨ। ਲੇਬਰ ਦੀ ਬੱਚਤ ਨਾਲ 4 ਤੋਂ 5000 ਹਜ਼ਾਰ ਰੁਪਏ ਬਚਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੀਟਨਾਸ਼ਕਾਂ ਤੋਂ ਬਿਨ੍ਹਾਂ 1000 ਰੁਪਏ ਅਤੇ 1 ਤੋਂ 3000 ਰੁਪਏ ਦੀ ਬੱਚਤ ਕੀਤੀ ਜਾ ਸਕਦੀ ਹੈ।