ਚੰਡੀਗੜ੍ਹ: ਮਿਲਾਵਟਖੋਰੀ ਦੇ ਦੋਸ਼ਾਂ ਤੋਂ ਬਾਹਰ ਆਉਣ ਲਈ ਹਲਵਾਈ ਐਸੋਸੀਏਸ਼ਨਾਂ ਸਵੈ-ਇੱਛਾ ਨਾਲ ਫੂਡ ਸੇਫਟੀ ਕਮਿਸ਼ਨਰੇਟ ਕੋਲ ਉਨਾਂ ਦੀਆਂ ਦੁਕਾਨਾਂ ਦੀ ਜਾਂਚ ਲਈ ਬੇਨਤੀਆਂ ਲੈ ਕੇ ਆ ਰਹੀਆਂ ਹਨ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਕਾਹਨ ਸਿੰਘ ਪਨੂੰ ਨੇ ਦਿੱਤੀ।
ਕਾਹਨ ਸਿੰਘ ਪਨੂੰ ਨੇ ਕਿਹਾ, ‘‘ਸਾਰਿਆਂ ਲਈ ਮਿਆਰੀ ਖੁਰਾਕ ਪਦਾਰਥਾਂ ਨੂੰ ਯਕੀਨੀ ਬਣਾਉਣਾ ਸਾਡਾ ਟੀਚਾ ਹੈ। ਅਸੀਂ ਹਲਵਾਈਆਂ ਦੀ ਚਿੰਤਾ ਤੋਂ ਜਾਣੂੰ ਹਾਂ।’’ ਉਹਨਾਂ ਅੱਗੇ ਕਿਹਾ, ‘‘ਰੋਜ਼ਾਨਾ ਵੱਧ ਤੋਂ ਵੱਧ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਤਿਉਹਾਰਾਂ ਸਮੇਂ ਖਰੀਦਦਾਰਾਂ ਅਤੇ ਵਿਕਰੇਤਾਵਾਂ ਦੋਵਾਂ ਨੂੰ ਫਾਇਦਾ ਹੋਵੇ।’’
ਪਨੂੰ ਨੇ ਕਿਹਾ ਕਿ ਜਾਂਚ/ਨਮੂਨੇ ਲੈਣ ਦਾ ਸੱਦਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਤੰਦਰੁਸਤ ਪੰਜਾਬ ਮਿਸ਼ਨ ਵੱਡੇ ਪੱਧਰ ’ਤੇ ਲੋਕਾਂ ਲਈ ਮਿਆਰੀ ਖਾਧ ਪਦਾਰਥਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿਚ ਸਫਲ ਰਿਹਾ ਹੈ। ਖੁਰਾਕ ਤੇ ਡਰੱਗ ਪ੍ਰਬੰਧਨ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਮਿਲਾਵਟਖੋਰੀ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲੋਕਾਂ ਨੂੰ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਏ ਜਾਣਗੇ।
ਚੱਲ ਰਹੀ ਜਾਂਚ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆ ਪਨੂੰ ਨੇ ਕਿਹਾ ਕਿ ਵੱਡੇ ਪੱਧਰ ’ਤੇ ਛਾਪੇਮਾਰੀ ਅਤੇ ਨਮੂਨੇ ਲੈਣਾ ਜਾਰੀ ਹੈ। ਉਨਾਂ ਕਿਹਾ ਕਿ ਜਾਂਚ ਪਿੱਛੋਂ ਵਧੀਆ ਨਤੀਜਾ ਸਾਹਮਣੇ ਆਇਆ ਹੈ ਕਿ ਹਲਵਾਈ ਵਰਕਸ਼ਾਪਾਂ ਵਿੱਚ ਸਾਫ਼ ਸਫਾਈ ਵਿੱਚ ਬਹੁਤ ਸੁਧਾਰ ਹੋਇਆ ਹੈ। ਪਨੂੰ ਨੇ ਦਾਅਵਾ ਕੀਤਾ ਕਿ ਅਸੀਂ ਇਸ ਸਬੰਧੀ ਹਲਵਾਈਆਂ ਨੂੰ ਲਗਾਤਾਰ ਜਾਗਰੂਕ ਕਰ ਰਹੇ ਹਾਂ ਅਤੇ ਕਾਫੀ ਹੱਦ ਤੱਕ ਸਾਫ਼-ਸਫਾਈ ਯਕੀਨੀ ਬਣਾਉਣ ਵਿੱਚ ਸਫ਼ਲ ਰਹੇ ਹਾਂ।