ਚੰਡੀਗੜ੍ਹ: ਪੀਜੀਆਈ 'ਚ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰ ਅਤੇ ਹੋਰ ਸਟਾਫ਼ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ, ਕਿਉਂਕਿ ਉਨ੍ਹਾਂ ਨੂੰ ਵਾਰ-ਵਾਰ ਮਰੀਜ਼ਾਂ ਦੇ ਇਲਾਜ ਲਈ ਸੰਪਰਕ 'ਚ ਆਉਣਾ ਪੈਂਦਾ ਹੈ। ਉਨ੍ਹਾਂ ਦੇ ਆਪਸੀ ਤਾਲਮੇਲ ਨੂੰ ਘਟਾਉਣ ਲਈ ਆਈਆਈਟੀ ਰੋਪੜ ਦੀ ਟੀਮ ਨੇ 'ਮੈਡੀ ਸਾਰਥੀ' ਨਾਂਅ ਦੀ ਇੱਕ ਟਰੌਲੀ ਤੇ ਡਰੋਨ ਤਿਆਰ ਕੀਤਾ ਹੈ।
ਇਸ ਬਾਰੇ ਗੱਲ ਕਰਦਿਆਂ ਪੀਜੀਆਈ ਦੇ ਪ੍ਰੋਫੈਸਰ ਜੀਡੀ ਪੁਰੀ ਨੇ ਕਿਹਾ ਕਿ ਕੋਰੋਨਾ ਦੇ ਮਰੀਜ਼ਾਂ ਨੂੰ ਦਵਾਈਆਂ ਅਤੇ ਹੋਰ ਚੀਜ਼ਾਂ ਦੀ ਅਕਸਰ ਸਪਲਾਈ ਕਰਨੀ ਪੈਂਦੀ ਹੈ। ਇਸ ਲਈ ਸਿਰਫ਼ ਸਿਹਤ ਕਰਮਚਾਰੀ ਹੀ ਉਨ੍ਹਾਂ ਨੂੰ ਦਵਾਈਆਂ ਪਹੁੰਚਾ ਰਹੇ ਸਨ। ਜਿਸ ਕਾਰਨ ਉਨ੍ਹਾਂ ਤੇ ਮਰੀਜ਼ਾਂ ਵਿਚਾਲੇ ਸੰਪਰਕ ਵੱਧ ਗਿਆ ਸੀ। ਇਸ ਸੰਪਰਕ ਨੂੰ ਘਟਾਉਣ ਲਈ ਆਈਆਈਟੀ ਰੋਪੜ ਦੀ ਟੀਮ ਨੇ ਇਹ ਦੋਵੇਂ ਯੰਤਰ ਬਣਾਏ ਹਨ। ਇਹ ਦੋਵੇਂ ਯੰਤਰ ਪੀਜੀਆਈ ਦੇ ਕੋਵਿਡ -19 ਵਾਰਡ ਵਿੱਚ ਵਰਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਟਰੌਲੀ ਮਰੀਜ਼ਾਂ ਨੂੰ ਸਮਾਨ ਪਹੁੰਚਾਉਣ ਲਈ ਬਣਾਈ ਗਈ ਹੈ, ਜੋ ਕਿਸੇ ਵੀ ਮਰੀਜ਼ ਤੱਕ ਸਮਾਨ ਪਹੁੰਚਾਉਣ ਦਾ ਕੰਮ ਕਰੇਗੀ। ਇਸ ਤੋਂ ਇਲਾਵਾ, ਬਹੁਤ ਸਾਰੇ ਅਤਿ-ਆਧੁਨਿਕ ਸੈਂਸਰ ਅਤੇ ਕੈਮਰੇ ਵੀ ਇਸ 'ਚ ਲਗਾਏ ਗਏ ਹਨ।
ਇਸ ਤੋਂ ਇਲਾਵਾ ਡਾ.ਜੀ.ਡੀ ਪੁਰੀ ਨੇ ਦੱਸਿਆ ਕਿ ਇਹ ਟਰੌਲੀ ਕੋਵਿਡ ਵਾਰਡ ਅਤੇ ਆਈ.ਸੀ.ਯੂ 'ਚ ਕੰਮ ਕਰੇਗੀ ਅਤੇ ਲਿਫਟ ਤੱਕ ਜਾਵੇਗੀ, ਜਿੱਥੇ ਇਸ ਟਰੌਲੀ 'ਚ ਸਾਮਾਨ ਰੱਖਿਆ ਜਾਵੇਗਾ। ਇਸ ਦੇ ਨਾਲ ਸਿਹਤ ਕਰਮਚਾਰੀਆਂ ਨੂੰ ਕੋਵਿਡ ਵਾਰਡ ਜਾਂ ਆਈਸੀਯੂ ਨਹੀਂ ਜਾਣਾ ਪਵੇਗਾ। ਇਸ ਤੋਂ ਇਲਾਵਾ ਕਈ ਥਾਵਾਂ 'ਤੇ ਡਰੋਨ ਵੀ ਵਰਤੇ ਜਾਣਗੇ। ਮਰੀਜ਼ ਦੇ ਸੈਂਪਲ ਨੂੰ ਡਰੋਨ ਰਾਹੀਂ ਦੂਜੀ ਇਮਾਰਤ 'ਚ ਸਥਿਤ ਲੈਬ 'ਚ ਭੇਜਿਆ ਜਾਵੇਗਾ। ਜਿੱਥੇ ਲੈਬ ਟੈਕਨੀਸ਼ੀਅਨ ਇਸ ਨਮੂਨੇ ਨੂੰ ਚੁੱਕਣਗੇ। ਇਹ ਦੋਵੇਂ ਉਪਕਰਣ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ 'ਚ ਪੀਜੀਆਈ ਡਾਕਟਰਾਂ ਲਈ ਬਹੁਤ ਮਦਦਗਾਰ ਸਾਬਤ ਹੋਣਗੇ।