ਚੰਡੀਗੜ੍ਹ: ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦਿਆਂ 1 ਕਿਲੋ ਹੈਰੋਇਨ ਅਤੇ 27 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ ਕਿ ਮੰਗਲਵਾਰ ਨੂੰ ਸੂਬੇ ਭਰ 'ਚ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਵਿਅਕਤੀਆਂ ਦੇ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ।
ਗੁਪਤ ਸੂਚਨਾ ਉੱਤੇ ਕੀਤੀ ਕਾਰਵਾਈ: ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਤਰਨਤਾਰਨ ਦੇ ਜੈਪਾਲ ਸਿੰਘ ਉਰਫ਼ ਗੁਮਟਾ ਵਾਸੀ ਪੱਟੀ ਵਜੋਂ ਹੋਈ ਹੈ। ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਉਸ ਦੇ ਸਾਥੀ ਹਰਮਨਦੀਪ ਸਿੰਘ ਉਰਫ਼ ਹਰਮਨ ਵਾਸੀ ਪਿੰਡ ਗੁਲਾਲੀਪੁਰ, ਤਰਨਤਾਰਨ ਜੋ ਜੱਗੂ ਭਗਵਾਨਪੁਰੀਆ ਦਾ ਨਜ਼ਦੀਕੀ ਸਾਥੀ ਦੱਸਿਆ ਜਾਂਦਾ ਹੈ, ਉਸਨੂੰ ਵੀ ਨਾਮਜ਼ਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖ਼ੁਫ਼ੀਆ ਸੂਚਨਾ ਮਿਲੀ ਸੀ ਕਿ ਜੈਪਾਲ ਗੁਮਟਾ ਅਤੇ ਹਰਮਨਦੀਪ ਸਿੰਘ ਉਰਫ਼ ਹਰਮਨ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਜਾ ਰਹੇ ਹਨ। ਪੁਲਿਸ ਨੇ ਇਸੇ ਸੂਚਨਾ ਉੱਤੇ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ: Sukhjinder Randhawa Golden Temple: ਸੁਖਜਿੰਦਰ ਰੰਧਾਵਾ ਨੇ ਪੰਜਾਬ ਸਰਕਾਰ ਨੂੰ ਵੱਖ-ਵੱਖ ਮਸਲਿਆਂ ਉੱਤੇ ਲਪੇਟਿਆ
ਬਿਨ੍ਹਾਂ ਨੰਬਰ ਦੀ ਗੱਡੀ ਵਿੱਚ ਜਾ ਰਿਹਾ ਸੀ ਮੁਲਜ਼ਮ: ਉਨ੍ਹਾਂ ਦੱਸਿਆ ਕਿ ਤਰਨਤਾਰਨ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਨਾਕਾ ਲਗਾ ਕੇ ਜੈਪਾਲ ਗੁਮਟਾ ਨੂੰ ਉਸਦੀ ਬਿਨ੍ਹਾਂ ਨੰਬਰ ਦੀ ਗੱਡੀ ਸਣੇ ਫੜਿਆ ਹੈ। ਇਸ ਵਿੱਚ ਉਹ ਹੈਰੋਇਨ ਅਤੇ ਡਰੱਗ ਮਨੀ ਲੈ ਕੇ ਜਾ ਰਿਹਾ ਸੀ। ਪੁਲਿਸ ਨੇ ਇਸ ਸਮਾਨ ਸਣੇ ਉਸਦੀ ਗੱਡੀ ਵੀ ਜਬਤ ਕਰ ਲਈ ਹੈ। ਤਰਨਤਾਰਨ ਦੇ ਸੀਨੀਅਰ ਕਪਤਾਨ ਗੁਰਮੀਤ ਚੌਹਾਨ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਫਰਾਰ ਮੁਲਜ਼ਮ ਹਰਮਨਦੀਪ ਉਰਫ਼ ਹਰਮਨ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ।
ਹੋਰ ਗੈਂਗਸਟਰਾਂ ਦੇ ਟਿਕਾਣਿਆਂ ਉੱਤੇ ਵੀ ਛਾਪੇ: ਉਨ੍ਹਾਂ ਕਿਹਾ ਕਿ ਥਾਣਾ ਸਿਟੀ ਪੱਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀਆਂ 409 ਟੀਮਾਂ ਛਾਪੇ ਮਾਰ ਰਹੀਆਂ ਹਨ, ਜਿਸ ਵਿੱਚ ਸੂਬੇ ਭਰ ਦੇ 2863 ਪੁਲਿਸ ਮੁਲਾਜ਼ਮ ਸ਼ਾਮਿਲ ਸਨ। ਮੰਗਲਵਾਰ ਨੂੰ ਦਿਨ ਭਰ ਚੱਲੀ ਮੁਹਿੰਮ ਦੌਰਾਨ ਜੱਗੂ ਭਗਵਾਨਪੁਰੀਆ ਨਾਲ ਸਬੰਧਤ ਸਮਾਜ ਵਿਰੋਧੀ ਅਨਸਰਾਂ ਦੇ 2371 ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਸੀ।