ਚੰਡੀਗੜ੍ਹ: ਸੂਬੇ ਵਿੱਚ ਚੱਲ ਹਰੇ ਪ੍ਰਾਇਵੇਟ ਤੇ ਸਰਕਾਰੀ ਨਸ਼ਾ ਛੁਡਾਊ ਤੇ ਮੁੜ ਵਿਆਪਕ ਪੱਧਰ 'ਤੇ ਮਜ਼ਬੂਤੀਕਰਨ ਕਰਨ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਨੀਤੀ ਤਿਆਰ ਕੀਤੀ ਹੈ। ਇਸ ਅਧੀਨ ਨਸ਼ੇ ਦੀ ਆਦਤ ਤੋਂ ਪੀੜਤ ਮਰੀਜ਼ਾਂ ਨੂੰ ਮਿਆਰੀ ਪੱਧਰ ਦੀ ਇਲਾਜ਼ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਗੱਲ ਦਾ ਖੁਲਾਸਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਨੋਰੋਗਾਂ ਦੇ ਡਾਕਟਰਾਂ ਦੀ ਬੈਠਕ ਵਿੱਚ ਕੀਤਾ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਸੂਬੇ ਦੇ ਸਾਰੇ ਨਸ਼ਾ ਛੁਡਾਊ ਕੇਦਰਾਂ ਦਾ ਮਜ਼ਬੂਤੀਕਰਨ ਕਰਨ ਲਈ ਇਹ ਬੈਠਕ ਰੱਖੀ ਸੀ, ਜਿਸ ਦਾ ਮੁੱਖ ਮੰਤਵ ਪੀੜਤਾਂ ਨੂੰ ਘੱਟ ਸਮੇਂ ਵਿੱਚ ਮਿਆਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਨਸ਼ਿਆਂ ਦੇ ਕੋਹੜ ਨੂੰ ਛੱਡ ਕੇ ਨਵੀਂ ਜ਼ਿਦੰਗੀ ਦੀ ਸ਼ੁਰੂਆਤ ਕਰਨ ਲਈ ਨਸ਼ਾ ਛੁਡਾਊ ਕੇਂਦਰਾਂ ਦਾ ਰੁਖ ਕਰ ਰਹੇ ਹਨ। ਪੰਜਾਬ ਸਰਕਾਰ ਨੇ ਸੂਬੇ ਵਿੱਚ ਹੋਰ ਨਸ਼ਾ ਛੁਡਾਊ ਕੇਂਦਰ ਤੇ ਓਟ ਕਲਿਨਿਕ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਮੀਟਿੰਗ ਵਿੱਚ ਐੱਸ.ਟੀ.ਐੱਫ. ਮੁਖੀ ਗੁਰਪ੍ਰੀਤ ਦਿਓ, ਆਈ.ਜੀ. ਰਾਜੇਸ਼ ਕੁਮਾਰ ਜੈਸਵਾਲ, ਵਧੀਕ ਮੁੱਖ ਸਕੱਤਰ ਸਿਹਤ, ਸਤੀਸ਼ ਚੰਦਰਾ, ਕਮਿਸ਼ਨਰ ਡਰੱਗ ਐਡਮਿਨਿਸਟ੍ਰੇਸ਼ਨ ਕਾਹਨ ਸਿੰਘ ਪੰਨੂ, ਐੱਮ.ਡੀ. ਰਾਸ਼ਟਰੀ ਸਿਹਤ ਮਿਸ਼ਨ ਅਮਿਤ ਕੁਮਾਰ ਤੇ ਪ੍ਰਾਈਵੇਟ ਕੇਦਰਾਂ ਦੇ ਪ੍ਰਬੰਧਕ ਹਾਜ਼ਰ ਸਨ।
ਮਨੋਰੋਗਾਂ ਦੇ ਡਾਕਟਰਾਂ ਦੀ ਸਮੱਸਿਆਂਵਾਂ ਨੂੰ ਸੁਣਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਪ੍ਰਾਇਵੇਟ ਪਰੈਕਟਿਸ ਕਰ ਰਹੇ ਡਾਕਟਰਾਂ ਤੇ ਨਸ਼ਾ ਛੁਡਾਊ ਕੇਂਦਰਾਂ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਕਮੇਟੀ ਵੱਲੋਂ ਲਏ ਗਏ ਫ਼ੈਸਲਿਆਂ ਦੇ ਆਧਾਰ 'ਤੇ ਹੀ ਨਸ਼ਾ ਛੁਡਾਊ ਪ੍ਰੋਗਰਾਮਾਂ ਦੇ ਸਬੰਧ ਵਿੱਚ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਪ੍ਰਾਇਵੇਟ ਡਾਕਟਰਾਂ ਤੇ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨਸ਼ਾ-ਵਿਰੋਧੀ ਮੁਹਿੰਮ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਉਨ੍ਹਾਂ ਦੀ ਹਰ ਸਮੱਸਿਆ ਨੂੰ ਹੱਲ ਕਰਨ ਲਈ ਹਰ ਮਹੀਨੇ ਬੈਠਕ ਦਾ ਆਯੋਜਨ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਿਵਲ ਸਰਜਨ 9ਵੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਸੁਚੇਤ ਕਰਨ ਲਈ ਹਫ਼ਤਾਵਾਰ ਪ੍ਰੋਗਰਾਮ ਦਾ ਆਯੋਜਨ ਕਰੇਗਾ।