ਚੰਡੀਗੜ: ਪਿਛਲੇ ਦਿਨੀਂ ਇੱਕ ਉੱਚ ਯੋਗਤਾ ਪ੍ਰਾਪਤ ਦਲਿਤ ਨੌਜਵਾਨ ਨੇ ਨੌਕਰੀ ਨਾ ਮਿਲਣ ਕਰਕੇ ਆਤਮ ਹੱਤਿਆ ਕਰ ਲਈ ਸੀ। ਆਮ ਆਦਮੀ ਪਾਰਟੀ ਪੰਜਾਬ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਤਮ ਹੱਤਿਆ ਲਈ ਮਜਬੂਰ ਹੋਏ ਉੱਕਤ ਦਲਿਤ ਨੌਜਵਾਨ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਪੰਜਾਬ ਦੇ ਟੈਟ ਪਾਸ ਅਤੇ ਨੈਟ ਪਾਸ ਬੇਰੁਜ਼ਗਾਰਾਂ ਲਈ ਨੌਕਰੀਆਂ ਖੋਲਣ ਦਾ ਐਲਾਨ ਹੋਵੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਸਮੁੱਚੇ ਪੰਜਾਬੀਆਂ ਅਤੇ ਸਿਆਸੀ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ 30 ਜੁਲਾਈ 2019 ਨੂੰ ਜਗਸੀਰ ਸਿੰਘ ਦੇ ਭੋਗ ‘ਚ ਸ਼ਰੀਕ ਹੋਣ ਅਤੇ ਇੱਕਜੁੱਟ ਹੋ ਕੇ ਬੇਰੁਜ਼ਗਾਰੀ ਵਿਰੁੱਧ ਬੀੜਾ ਚੁੱਕ ਕੇ ਜਗਸੀਰ ਸਿੰਘ ਵਰਗੇ ਕਾਬਿਲ ਨੌਜਵਾਨ ਨੂੰ ਸ਼ਰਧਾਂਜਲੀ ਦੇਣ।
ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਜਗਸੀਰ ਸਿੰਘ ਦੀ ਮੌਤ ਨੂੰ ‘ਸਰਕਾਰੀ ਕਤਲ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਿਕੰਮੀਆਂ ਸਰਕਾਰਾਂ ਹੋਣਹਾਰ ਨੌਜਵਾਨਾਂ ਦੇ ਹੌਂਸਲੇ ਪਸਤ ਕਰ ਰਹੀਆਂ ਹਨ। ਨਸ਼ਾ, ਅਪਰਾਧ, ਪਰਵਾਸ ਅਤੇ ਆਤਮ ਹੱਤਿਆ ਵਰਗੀ ਤ੍ਰਾਸਦੀ ਕਾਂਗਰਸ, ਅਕਾਲੀ-ਭਾਜਪਾ ਸਰਕਾਰ ਦੇ ਮਾਫ਼ੀਆ ਰਾਜ ਦੀ ਦੇਣ ਹਨ।
ਇਹ ਵੀ ਪੜ੍ਹੋ : ਪੰਜ ਤੱਤਾਂ 'ਚ ਵਿਲੀਨ ਹੋਏ ਸ਼ਹੀਦ ਜਵਾਨ ਰਜਿੰਦਰ ਸਿੰਘ
ਚੀਮਾ ਨੇ ਕਿਹਾ ਕਿ ਜਗਸੀਰ ਸਿੰਘ ਇੱਕ ਬੇਹੱਦ ਗ਼ਰੀਬ ਦਲਿਤ ਪਰਿਵਾਰ 'ਚ ਪੈਦਾ ਹੋਇਆ ਅਤੇ ਅਪਾਹਜ ਹੋਣ ਦੇ ਬਾਵਜੂਦ ਉਸ ਨੇ ਦਿਹਾੜੀ, ਮਿਹਨਤ, ਮਜਦੂਰੀ ਕਰਕੇ ਉਸ ਨੇ ਨਾ ਸਿਰਫ਼ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ ਬਲਕਿ ਯੂਜੀਸੀ, ਨੈਟ ਅਤੇ ਟੈਟ ਦੀਆਂ ਪ੍ਰੀਖਿਆਵਾਂ ਵੀ ਪਾਸ ਕੀਤੀਆਂ। ਪਰ ਸਰਕਾਰਾਂ ਦੀਆਂ ਮਾਰੂ ਨੀਤੀਆਂ ਨੇ ਜਗਸੀਰ ਵਰਗੇ ਹਿੰਮਤੀ ਸ਼ਖ਼ਸ ਦਾ ਹੌਂਸਲਾ ਪਸਤ ਕਰ ਦਿੱਤਾ। ਇਹ ਸਿਰਫ਼ ਸਰਕਾਰਾਂ ਨਹੀਂ ਬਲਕਿ ਸਮੁੱਚੇ ਸਮਾਜ ਦੇ ਮੂੰਹ ‘ਤੇ ਚਪੇੜ ਹੈ, ਜੋ ਅਜਿਹੇ ਭ੍ਰਿਸ਼ਟ ਲੋਕਾਂ ਨੂੰ ਵਾਰ-ਵਾਰ ਸੱਤਾ ‘ਤੇ ਬਿਠਾਉਂਦੇ ਹਨ।
ਇਸ ਦੇ ਨਾਲ ਹੀ ਪ੍ਰਿੰਸੀਪਲ ਬੁੱਧਰਾਮ ਨੇ ਮੰਗ ਕੀਤੀ ਕਿ ਸਰਕਾਰ ਜਗਸੀਰ ਸਿੰਘ ਦੇ ਪੀੜਤ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ। ਇਸ ਦੇ ਨਾਲ-ਨਾਲ ਜਗਸੀਰ ਸਿੰਘ ਦੀ ਯਾਦ ‘ਚ ਉਸ ਦੇ ਪਿੰਡ ਚੱਕ ਭਾਈਕੇ ਦੇ ਵਿਕਾਸ ਲਈ ਇੱਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇ।