ਚੰਡੀਗੜ੍ਹ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜ਼ਰੀ ਜੀ ਦੇ ਕੁੱਖੋਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦਾ ਨਾਮ ਗੋਬਿੰਦ ਰਾਇ ਸੀ। ਗੁਰੂ ਸਾਹਿਬ ਨੇ ਆਪਣਾ 4 ਸਾਲ ਤੱਕ ਦਾ ਬਚਪਨ ਪਟਨਾ ਸਾਹਿਬ ‘ਚ ਗੁਜ਼ਾਰਿਆ ਜਿੱਥੇ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਸਥਿਤ ਹੈ।
ਇਸ ਪਵਿੱਤਰ ਦਿਹਾੜੇ ਮੌਕੇ ਰਾਜਨੀਤਕ ਪਾਰਟੀਆਂ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ। ਪਟਿਆਲਾ ਤੋਂ ਕਾਂਗਰਸੀ ਸਾਂਸਦ ਪਰਨੀਤ ਕੌਰ ਨੇ ਟਵੀਟ ਕਰਦਿਆ ਲਿਖਿਆ ਕਿ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਵਧਾਈਆਂ। ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਬਾਅਦ, ਉਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਪੰਥ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਨੇ ਖ਼ਾਲਸਾ ਪੰਥ ਬਣਾਇਆ ਤੇ ਸਾਨੂੰ ਇੱਕ ਵਿਸ਼ੇਸ਼ ਪਛਾਣ ਦਿੱਤੀ ਤੇ ਜੀਵਨ ਵਿੱਚ ਹਰ ਸਮੱਸਿਆ ਦਾ ਸਾਹਮਣਾ ਕਰਨ ਦੀ ਤਾਕਤ ਦਿੱਤੀ।
ਉੱਥੇ ਹੀ ਅਕਾਲੀ ਨੇਤਾ ਤੇ ਫ਼ਿਰੋਜ਼ਪੁਰ ਤੋਂ ਸਾਂਸਦ ਨੇ ਵੀ ਟਵੀਟ ਕਰਦਿਆਂ ਇਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਲਿਖਿਆ ਕਿ, "ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਮਹਿਜ਼ 9 ਸਾਲ ਦੀ ਉਮਰੇ ਗੁਰਗੱਦੀ 'ਤੇ ਬਿਰਾਜਮਾਨ ਹੋ ਕੇ ਮਨੁੱਖੀ ਜੀਵਨ ਦੀ ਜੋ ਪਰਿਭਾਸ਼ਾ ਉਨ੍ਹਾਂ ਸਿਰਜੀ, ਉਹ ਇਸ ਧਰਤੀ 'ਤੇ ਮਨੁੱਖੀ ਜਾਮੇ ਦਾ ਸਰਬ-ਉੱਚ ਪੱਧਰ ਹੈ।"
ਕੇਂਦਰੀ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਇਸ ਪਵਿੱਤਰ ਦਿਹਾੜੇ ਦੀਆਂ ਆਪਣੇ ਟਵਿੱਟਰ ਹੈਂਡਲ ਤੋਂ ਵਧਾਈਆਂ ਦਿੱਤੀਆਂ।
ਦੱਸ ਦੇਈਏ ਕਿ 1670 ਈ. ਵਿੱਚ ਗੁਰੂ ਸਾਹਿਬ ਆਪਣੇ ਪਰਿਵਾਰ ਸਣੇ ਪੰਜਾਬ ਆਏ ਤੇ ਉੱਥੋਂ ਚੱਲਦੇ ਹੋਏ 1672 ਈ. ਦੇ ਵਿੱਚ ਹਿਮਾਲਿਆ ਪਰਬਤ ਤੇ ਚੱਕ ਨਾਨਕੀ ਸ਼ਹਿਰ ਵਸਾਇਆ ਜਿਸ ਨੂੰ ਅੱਜ ਕੱਲ ਸ੍ਰੀ ਅਨੰਦਪੁਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 11 ਨਵੰਬਰ 1675 ‘ਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਸਮੇਂ ਉਹਨਾਂ ਦੀ ਉਮਰ 9 ਸਾਲ ਦੀ ਸੀ, ਇੰਨ੍ਹੀ ਛੋਟੀ ਉਮਰ ‘ਚ ਮਿਲੀ ਵੱਡੀ ਜ਼ਿੰਮੇਵਾਰੀ ਨੂੰ ਉਹਨਾਂ ਸੂਝਵਾਨ ਰਾਜਨੀਤੀਵਾਨ ਤੇ ਧਰਮੀ ਪੁਰਸ਼ ਵਜੋਂ ਨਿਭਾਇਆ। ਗੁਰੂ ਸਾਹਿਬ ਜੀ ਦਾ ਸਭ ਤੋਂ ਵੱਡਾ ਤੇ ਕ੍ਰਾਂਤੀਕਾਰੀ ਕਦਮ ‘ਖਾਲਸੇ’ ਦੀ ਸਥਾਪਨਾ ਕਰਨਾ ਸੀ, ਜਿਸ ਤੋਂ ਬਾਅਦ ਦੱਬੇ-ਕੁਚਲੇ ਲਿਤਾੜੇ ਲੋਕਾਂ ਅੰਦਰ ਜ਼ੁਲਮ ਦੀ ਖਾਤਰ ਮਰ ਮਿਟਣ ਦਾ ਐਸਾ ਫੌਲਾਦ ਪੈਦਾ ਹੋਇਆ, ਜਿਸ ਨੂੰ ‘ਖਾਲਸੇ’ ਅੰਦਰੋਂ ਅੱਜ ਤੱਕ ਕੋਈ ਦਬਾ ਨਹੀਂ ਸਕਿਆ।
ਇਹ ਵੀ ਪੜ੍ਹੋ: ਸਹੁੰ ਚੁੱਕਣ ਤੋਂ ਬਾਅਦ ਉਧਵ ਠਾਕਰੇ ਦੇ ਐਕਸ਼ਨ ਪਲਾਨ ਸ਼ੁਰੂ, ਕੀਤਾ ਇਹ ਐਲਾਨ