ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (ਸੋਪੂ) ਦੇ ਵਿਦਿਆਰਥੀਆਂ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਸਥਿਤ ਕਲੱਬ ਦੇ ਬਾਹਰ ਇੱਕ ਕਾਰ ਵਿੱਚ ਗੋਲੀ ਮਾਰਨ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ ਉਹ ਕਾਰ ਵਿੱਚ ਬੈਠਾ ਹੋਇਆ ਸੀ ਤਾਂ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸ ਘਟਨਾ ਵਿੱਚ ਗੁਰਲਾਲ ਨੂੰ ਤਿੰਨ ਗੋਲੀਆਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਪੰਜਾਬ ਯੂਨੀਵਰਸਿਟੀ (ਸੋਪੂ) ਦੇ ਵਿਦਿਆਰਥੀਆਂ ਦੇ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬਰਾੜ ਕਲੱਬ ਵਿੱਚ ਇੱਕ ਵਿਅਕਤੀ ਦੀ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ, ਦੇਰ ਰਾਤ 12:30 ਵਜੇ ਸਨਅਤੀ ਖੇਤਰ ਦੇ ਕਲੱਬ ਦੇ ਬਾਹਰ ਖੜ੍ਹਾ ਸੀ, ਤਾਂ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ, ਉਸ ਵੇਲੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਉਸ 'ਤੇ ਕਰੀਬ 7-8 ਫਾਇਰ ਕੀਤੇ।
ਵਾਰਦਾਤ ਕਰਨ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ। ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਰਲਾਲ ਨੂੰ ਪੀਜੀਆਈ ਲਈ ਰੈਫ਼ਰ ਕਰ ਦਿੱਤਾ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 2015 ਵਿਚ ਗੁਰਲਾਲ ਨੇ ਸੋਪੂ ਦੀ ਤਰਫੋਂ ਪੰਜਾਬ ਯੂਨੀਵਰਸਿਟੀ ਤੋਂ ਚੋਣ ਲੜੀ ਸੀ। ਇੰਡਸਟਰੀਅਲ ਏਰੀਆ ਥਾਣਾ ਪੁਲਿਸ ਨੇ ਅਣਪਛਾਤੇ ਨੌਜਵਾਨਾਂ ਖਿਲਾਫ਼ ਕਤਲ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ
ਪੁਲਿਸ ਦੀ ਜਾਂਚ ਵਿੱਚ ਪਤਾ ਲੱਗਿਆ ਕਿ ਗੁਰਲਾਲ ਬਰਾੜ ਅਕਸਰ ਕਲੱਬਾਂ ਵਿਚ ਜਾਂਦਾ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਗੁਰਲਾਲ ਬਰਾੜ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇਹ ਖੁਲਾਸਾ ਹੋਇਆ ਸੀ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਰਿਹਾ ਸੀ। ਫਿਲਹਾਲ ਇੰਡਸਟਰੀਅਲ ਏਰੀਆ ਪੁਲਿਸ ਇਨ੍ਹਾਂ ਸਾਰੇ ਪਹਿਲੂਆਂ ਦੀ ਜਾਂਚ ਵਿੱਚ ਲੱਗੀ ਹੋਈ ਹੈ।