ਚੰਡੀਗੜ੍ਹ: ਬੀਤੀ 30 ਅਗਸਤ ਨੂੰ ਬਟਾਲਾ ਦੇ ਪਿੰਡ ਭਗਵਾਨਪੁਰ ਵਿਖੇ ਐਤਵਾਰ ਨੂੰ ਕਬੱਡੀ ਦੇ ਖਿਡਾਰੀ ਗੁਰਮੇਜ ਸਿੰਘ ਦਾ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਵਿੱਚ ਸ਼ਾਮਲ 5 ਪੁਲਿਸ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਵੱਲੋਂ ਵਿਭਾਗ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਇਸ ਕਤਲ ਕਾਂਡ ਸਬੰਧੀ ਪਿਛਲੇ ਦਿਨੀਂ ਬਟਾਲਾ ਪੁਲਿਸ ਨੇ 6 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਮੁਲਜ਼ਮਾਂ ਵਿੱਚੋਂ 5 ਪੁਲਿਸ ਵਿਭਾਗ ਦੇ ਮੁਲਾਜ਼ਮ ਸਨ।
ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਮੁਖੀ ਦੀਆਂ ਹਦਾਇਤਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਹੌਲਦਾਰ ਬਲਕਾਰ ਸਿੰਘ ਵਾਸੀ ਪਿੰਡ ਕਾਲਾ ਬਾਲਾ ਅਤੇ ਹੌਲਦਾਰ ਸੁਰਿੰਦਰਪਾਲ ਸਿੰਘ ਵਾਸੀ ਮੱਲੀਆਂ ਕਲਾਂ ਜੋ ਮੁੱਖ ਮੰਤਰੀ ਸੁਰੱਖਿਆ ਵਿੱਚ ਤਾਇਨਾਤ ਸੀ, ਨੂੰ ਪੁਲਿਸ ਵਿਭਾਗ ਵਿੱਚ ਹੁੰਦੇ ਹੋਏ ਅਜਿਹੀ ਅਨੁਸ਼ਾਸ਼ਨਹੀਣਤਾ ਅਤੇ ਲਾਪ੍ਰਵਾਹੀ ਕਾਰਨ ਪੁਲਿਸ ਵਿਭਾਗ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਹੌਲਦਾਰ ਅਵਤਾਰ ਸਿੰਘ ਅੰਮ੍ਰਿਤਸਰ, ਏਐੱਸਆਈ ਰਣਜੀਤ ਸਿੰਘ ਅੰਮ੍ਰਿਤਸਰ, ਏਐੱਸਆਈ ਬਲਜੀਤ ਸਿੰਘ ਅੰਮ੍ਰਿਤਸਰ ਨੂੰ ਵੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਬਰਖਾਸਤ ਕਰ ਦਿੱਤਾ ਗਿਆ ਹੈ।