ਚੰਡੀਗੜ੍ਹ: ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਚੱਲ ਰਹੀ ਹੜਤਾਲ ਖ਼ਤਮ ਹੋਣ ਵਾਲੀ ਹੈ। ਬੁੱਧਵਾਰ ਨੂੰ ਬਿਜਲੀ ਕਾਮਿਆਂ ਅਤੇ ਡੀਸੀ ਵਿਨੈ ਪ੍ਰਤਾਪ ਸਿੰਘ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ, ਬਿਜਲੀ ਕਾਮਿਆਂ ਨੇ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਮੀਟਿੰਗ ਤੋਂ ਬਾਅਦ ਬਿਜਲੀ ਕਾਮਿਆਂ ਦੇ ਆਗੂ ਸੁਭਾਸ਼ ਲਾਂਬਾ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਸਮਝੌਤਾ ਹੋ ਗਿਆ ਹੈ। ਪ੍ਰਸ਼ਾਸਨ ਵੱਲੋਂ ਅਧਿਕਾਰਤ ਹਦਾਇਤਾਂ ਆਉਣ ਤੋਂ ਬਾਅਦ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਜਾਵੇਗਾ।
ਜ਼ਿਕਰਯੋਗ ਹੈ ਕਿ 22 ਫਰਵਰੀ ਤੋਂ ਸ਼ੁਰੂ ਹੋਈ ਹੜਤਾਲ ਕਰੀਬ 36 ਘੰਟਿਆਂ ਬਾਅਦ ਖਤਮ ਕਰ ਦਿੱਤੀ ਗਈ ਅਤੇ ਲਗਭਗ ਪੂਰੇ ਚੰਡੀਗੜ੍ਹ ਵਿੱਚ ਬਿਜਲੀ ਨੂੰ ਵੀ ਬਹਾਲ ਕਰ ਦਿੱਤਾ ਗਿਆ, ਪਰ ਹੜਤਾਲ ਖਤਮ ਕਰਨ ਦੇ ਐਲਾਨ ਤੋਂ ਬਾਅਦ ਵੀ ਸੈਂਕੜੇ ਬਿਜਲੀ ਕਾਮੇ ਧਰਨਾ ਸਥਾਨ ਤੋਂ ਉੱਠਣ ਨੂੰ ਤਿਆਰ ਨਹੀਂ ਸਨ। ਜਿਸ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੀਟਿੰਗ ਬੁਲਾਈ ਗਈ, ਜਿਸ ਵਿੱਚ ਡੀਸੀ ਵਿਨੈ ਪ੍ਰਤਾਪ ਸਿੰਘ ਸਮੇਤ ਕਈ ਅਧਿਕਾਰੀਆਂ ਤੇ ਬਿਜਲੀ ਯੂਨੀਅਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਤੋਂ ਬਾਅਦ ਚੰਡੀਗੜ੍ਹ ਪਾਵਰਕਾਮ ਯੂਨੀਅਨ ਦੇ ਆਗੂ ਸੁਭਾਸ਼ ਲਾਂਬਾ ਨੇ ਦੱਸਿਆ ਕਿ ਮੀਟਿੰਗ ਤੋਂ ਬਾਅਦ ਬਿਜਲੀ ਯੂਨੀਅਨ ਅਤੇ ਪ੍ਰਸ਼ਾਸਨ ਵਿਚਾਲੇ ਸਮਝੌਤਾ ਹੋ ਗਿਆ ਹੈ। ਪ੍ਰਸ਼ਾਸਨ ਅਤੇ ਬਿਜਲੀ ਮੁਲਾਜ਼ਮਾਂ ਵਿਚਕਾਰ ਇਹ ਸਹਿਮਤੀ ਬਣੀ ਹੈ ਕਿ ਜਿੰਨਾ ਚਿਰ ਇਹ ਮਾਮਲਾ ਹਾਈ ਕੋਰਟ ਵਿੱਚ ਹੈ, ਉਦੋਂ ਤੱਕ ਬਿਜਲੀ ਵਿਭਾਗ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ ਅਤੇ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇਗਾ।
ਹਾਈਕੋਰਟ ਤੋਂ ਫੈਸਲਾ ਆਉਣ ਤੋਂ ਬਾਅਦ ਹੀ ਇਸ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਸੁਭਾਸ਼ ਲਾਂਬਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਸਬੰਧੀ ਲੋੜੀਂਦੇ ਦਸਤਾਵੇਜ਼ ਸਾਡੇ ਤੱਕ ਪਹੁੰਚਾਏ ਜਾਣ ਤੋਂ ਬਾਅਦ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਜਾਵੇਗਾ।
ਦੱਸ ਦਈਏ ਕਿ 22 ਫਰਵਰੀ ਨੂੰ ਸ਼ਹਿਰ ਦੇ ਸਮੂਹ ਬਿਜਲੀ ਕਾਮੇ ਬਿਜਲੀ ਵਿਭਾਗ ਦੇ ਨਿੱਜੀਕਰਨ ਖਿਲਾਫ ਹੜਤਾਲ 'ਤੇ ਚਲੇ ਗਏ ਸਨ। ਜਿਸ ਕਾਰਨ ਸ਼ਹਿਰ ਦਾ ਬਿਜਲੀ ਸਿਸਟਮ ਪੂਰੀ ਤਰ੍ਹਾਂ ਠੱਪ ਹੋ ਗਿਆ। ਪੂਰੇ 36 ਘੰਟੇ ਸ਼ਹਿਰ ਵਿੱਚ ਬਿਜਲੀ ਨਹੀਂ ਆਈ। ਜਿਸ ਕਾਰਨ ਨਾ ਸਿਰਫ਼ ਆਮ ਲੋਕ ਪ੍ਰੇਸ਼ਾਨ ਹੋਏ, ਸਗੋਂ ਉਦਯੋਗਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਅਤੇ ਆਵਾਜਾਈ ਵਿਵਸਥਾ ਵੀ ਵਿਗੜ ਗਈ।
ਹਾਲਾਂਕਿ 23 ਫਰਵਰੀ ਨੂੰ ਦੁਪਹਿਰ 1 ਵਜੇ ਸ਼ਹਿਰ ਵਿੱਚ ਮੁੜ ਬਿਜਲੀ ਬਹਾਲ ਕਰ ਦਿੱਤੀ ਗਈ ਅਤੇ ਹੜਤਾਲ ਵਾਪਸ ਲੈ ਲਈ ਗਈ। ਹੁਣ ਡੀਸੀ ਨਾਲ ਮੀਟਿੰਗ ’ਤੇ ਸਹਿਮਤੀ ਬਣਨ ਮਗਰੋਂ ਧਰਨਾ ਵੀ ਸਮਾਪਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਮੰਤਰੀ ਨਵਾਬ ਮਲਿਕ ਦੀ ਗ੍ਰਿਫ਼ਤਾਰੀ ਉੱਤੇ ਸਿਆਸੀ ਨੇਤਾਵਾਂ ਦਾ ਪ੍ਰਤੀਕਰਮ