ਚੰਡੀਗੜ੍ਹ/ਨਵੀਂ ਦਿੱਲੀ: ਸੰਗਰੂਰ ਜ਼ਿਮਨੀ ਚੋਣ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਪੋਲਿੰਗ ਦਾ ਸਮਾਂ ਇੱਕ ਘੰਟਾ ਵਧਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਸੀਐਮ ਮਾਨ ਨੇ ਟਵੀਟ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਕਿਹਾ ਕਿ ‘ਅਸੀਂ ਭਾਰਤੀ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਇਹ ਝੋਨੇ ਦਾ ਸੀਜ਼ਨ ਹੈ। ਕਿਰਪਾ ਕਰਕੇ ਵੋਟਿੰਗ ਦਾ ਸਮਾਂ ਸ਼ਾਮ 7 ਵਜੇ ਤੱਕ ਵਧਾ ਦਿੱਤਾ ਜਾਵੇ ਤਾਂ ਜੋ ਉਹ ਲੋਕ ਵੀ ਬਾਬਾ ਭੀਮ ਰਾਓ ਅੰਬੇਡਕਰ ਦੁਆਰਾ ਤਿਆਰ ਕੀਤੇ ਗਏ ਸੰਵਿਧਾਨ ਅਨੁਸਾਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਸੀ ਤੋਂ ਜਵਾਬ ਮੰਗਿਆ ਹੈ। ਚੋਣ ਕਮਿਸ਼ਨ ਮੁਤਾਬਕ ਅਜਿਹੇ ਤੱਥ ਵੋਟਿੰਗ ਦੇ ਅੰਤ 'ਚ ਸਾਹਮਣੇ ਆਏ ਹਨ। ਵੋਟਰਾਂ ਦੇ ਇੱਕ ਵਰਗ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਲਈ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਵੋਟਿੰਗ ਦਾ ਸਮਾਂ ਇੱਕ ਘੰਟਾ ਵਧਾਉਣ ਦੀ ਕੀਤੀ ਸੀ ਅਪੀਲ: ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਸਮਾਂ ਝੋਨੇ ਦੇ ਸੀਜਨ ਦਾ ਹੈ। ਬਹੁਤ ਲੋਕ ਦਿਹਾੜੀ ਜਾਂ ਹੋਰ ਕੰਮ ਤੇ ਗਏ ਹੋਏ ਨੇ। ਕਿਰਪਾ ਕਰਕੇ ਵੋਟਾਂ ਪਾਉਣ ਦਾ ਸਮਾਂ 6 ਵਜੇ ਤੋਂ ਵਧਾ ਕੇ 7 ਵਜੇ ਕਰ ਦਿੱਤਾ ਜਾਵੇ ਤਾਂ ਕਿ ਓਹ ਵੀ ਬਾਬਾ ਭੀਮ ਰਾਓ ਅੰਬੇਦਕਰ ਦੁਆਰਾ ਰਚਿਤ ਸਵਿੰਧਾਨ ਅਨੁਸਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ।
'ਆਪ' ਦੇ ਮੰਤਰੀਆਂ ਤੇ ਵਿਧਾਇਕਾਂ ਨੇ ਪਾਈ ਵੋਟ: ਸਿੱਖਿਆ ਮੰਤਰੀ ਗੁਰਮੀਤ ਮੀਤ ਨੇ ਕਈ ਵਿਧਾਇਕਾਂ ਨਾਲ ਮਿਲ ਕੇ ਵੋਟ ਪਾਈ। ਇਸ ਦੌਰਾਨ ਇਨ੍ਹਾਂ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਸਗੋਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਦੇ ਮੁੱਦਿਆਂ ਨਾਲ ਹੈ।
ਚੋਣ ਮੈਦਾਨ 'ਚ ਇਹ ਆਗੂ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈਕੇ ਕੁੱਲ 16 ਉਮੀਦਵਾਰ ਚੋਣ ਮੈਦਾਨ 'ਚ ਹਨ। ਇੰਨ੍ਹਾਂ 'ਚ ਪੰਜ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਦੀ ਆਪਸੀ ਟੱਕਰ ਹੋਣ ਦੀ ਸੰਭਾਵਨਾ ਹੈ। ਇਸ 'ਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦਾ ਨਾਮ ਸ਼ਾਮਲ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ, ਕਾਂਗਰਸ ਤੋਂ ਦਲਵੀਰ ਸਿੰਘ ਗੋਲਡੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕਮਲਦੀਪ ਕੌਰ ਰਾਜੋਆਣਾ ਅਤੇ ਭਾਜਪਾ ਤੋਂ ਕੇਵਲ ਸਿੰਘ ਢਿੱਲੋਂ ਚੋਣ ਮੈਦਾਨ 'ਚ ਹਨ।
ਇਹ ਵੀ ਪੜ੍ਹੋ: CM ਮਾਨ ਦੇ ਵੋਟਿੰਗ ਦਾ ਸਮਾਂ ਵਧਾਉਣ ਦੇ ਬਿਆਨ 'ਤੇ ਕੇਵਲ ਢਿੱਲੋਂ ਨੇ ਚੁੱਕੇ ਵੱਡੇ ਸਵਾਲ