ਚੰਡੀਗੜ੍ਹ: ਪੰਜਾਬ ਵਿੱਚ ਸਰਦੀਆਂ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਜਿਸ ਨੂੰ ਦੇਖਦੇ ਹੋਏ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਵੀ ਕਰ ਦਿੱਤਾ ਗਿਆ ਹੈ। ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ ਪ੍ਰਾਇਮਰੀ ਸਕੂਲਾਂ ਦਾ ਨਵਾਂ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ। ਇਸੇ ਤਰ੍ਹਾਂ ਹਾਈ ਅਤੇ ਸੀਨੀਅਰ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 3.20 ਵਜੇ ਤੱਕ ਹੋਵੇਗਾ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਇਹ ਹੁਕਮ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 1 ਨਵੰਬਰ ਤੋਂ ਲਾਗੂ ਹੋ ਜਾਣਗੇ ਅਤੇ 28 ਫ਼ਰਵਰੀ ਤੱਕ ਇਨ੍ਹਾਂ ਦੀ ਪਾਲਣਾ ਕੀਤੀ ਜਾਵੇਗੀ।
ਮੌਸਮ ਵਿਭਾਗ ਦੀ ਭੱਵਿਖਬਾਣੀ: ਮੌਸਮ ਵਿਭਾਗ ਮੁਤਾਬਕ, 2 ਨਵੰਬਰ ਤੱਕ ਪੰਜਾਬ ਵਿੱਚ ਮੌਸਮ ਸਾਫ਼ ਰਹੇਗਾ ਅਤੇ ਤੇਜ਼ ਧੁੱਪ ਨਿਕਲੇਗੀ। ਇਸ ਤੋਂ ਬਾਅਦ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ 3 ਨਵੰਬਰ ਤੋਂ ਬਾਅਦ ਮੌਸਮ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਪੰਜਾਬ ਵਿੱਚ ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਜ਼ਿਆਦਾ ਹੈ।
ਪੰਜਾਬ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਦੇ ਦਰਮਿਆਨ ਦਰਜ ਕੀਤਾ ਗਿਆ, ਜਦਕਿ ਘੱਟੋ-ਘੱਟ ਤਾਪਮਾਨ 13 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ। ਪਰ, ਜਲੰਧਰ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਸਭ ਤੋਂ ਵੱਧ ਰਿਹਾ। ਇੱਥੇ ਵੱਧ ਤੋਂ ਵੱਧ ਤਾਪਮਾਨ 36.4 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12.8 ਡਿਗਰੀ ਦਰਜ ਕੀਤਾ ਗਿਆ।
ਆਉਣ ਵਾਲੇ ਦਿਨਾਂ ਵਿੱਚ ਪਵੇਗੀ ਸੰਘਣੀ ਧੁੰਦ: ਪੰਜਾਬ ਵਿੱਚ ਸਰਦੀਆਂ ਦਾ ਮੌਸਮ ਦੀਵਾਲੀ ਤੋਂ ਬਾਅਦ ਅਕਸਰ ਜ਼ੋਰ ਫੜ੍ਹ ਲੈਂਦਾ ਹੈ। ਨਵੰਬਰ ਤੋਂ ਲੈ ਕੇ ਜਨਵਰੀ ਤੱਕ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਜਿਸ ਕਾਰਨ ਸੜਕਾਂ ਉੱਤੇ ਵਿਜ਼ੀਬਿਲਟੀ ਵੀ ਘੱਟ ਜਾਂਦੀ ਹੈ ਅਤੇ ਸੜਕ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ। ਬਹੁਤੀ ਵਾਰ ਧੁੰਦ ਵੱਡੇ ਸੜਕ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੇ ਹਨ। ਦੱਸ ਦਈਏ ਕਿ ਸਵੇਰੇ-ਸ਼ਾਮ ਧੁੰਦ ਕਾਰਨ ਵਿਜ਼ੀਬਿਲਟੀ ਘੱਟੇਗੀ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਹੋਣਗੀਆਂ।