ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਚੱਲ ਰਹੀ ਤਾਲਾਬੰਦੀ ਦੇ ਚੱਲਦਿਆਂ ਕਿਸੇ ਨੂੰ ਵੀ ਤੰਗੀ ਨਾ ਹੋਵੇ ਇਸ ਲਈ ਪ੍ਰਸ਼ਾਸਨ ਮਦਦ ਕਰਨ ਲਈ ਅੱਗੇ ਆ ਰਿਹਾ ਹੈ। ਟ੍ਰੈਫਿਕ ਪੁਲਿਸ ਦੇ ਡੀਆਈਜੀ ਸੁਸ਼ਾਂਕ ਆਨੰਦ ਨੇ ਪ੍ਰਵਾਸੀ ਮਜ਼ਦੂਰ ਜੋ ਕਿ ਸੈਕਟਰ 22 ਦੀ ਮਾਰਕਿਟ ਵਿੱਚ ਰਹਿ ਰਹੇ ਹਨ, ਉਨ੍ਹਾਂ ਨੂੰ ਸੁੱਕਾ ਰਾਸ਼ਨ ਵੰਡਿਆ। ਇਸ ਵਿੱਚ ਦਾਲ, ਆਟਾ, ਚਾਵਲ, ਤੇਲ, ਆਲੂ, ਪਿਆਜ਼, ਨਮਕ ਤੇ ਮਸਾਲੇ ਆਦਿ ਲੋੜਵੰਦ ਚੀਜ਼ਾਂ ਸ਼ਾਮਲ ਸਨ। ਇਹ ਰਾਸ਼ਨ ਤਕਰੀਬਨ 300 ਲੋਕਾਂ ਨੂੰ ਟ੍ਰੈਫਿਕ ਡੀਆਈਜੀ ਵੱਲੋਂ ਵੰਡਿਆ ਗਿਆ।
ਟ੍ਰੈਫਿਕ ਡੀਆਈਜੀ ਸੁਸ਼ਾਂਕ ਆਨੰਦ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਦੇ ਨਾਲ-ਨਾਲ ਚੰਡੀਗੜ੍ਹ ਪੁਲਿਸ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਇਨ੍ਹਾਂ ਚੀਜ਼ਾਂ ਦਾ ਖਾਸ ਧਿਆਨ ਰੱਖ ਰਹੀ ਹੈ ਕਿ ਕੋਈ ਵੀ ਬੰਦਾ ਰਾਤ ਨੂੰ ਭੁੱਖਾ ਨਾ ਸੋਵੇ। ਹਰ ਥਾਂ 'ਤੇ ਜਿਹੜੇ ਵੀ ਰੋਜ਼ ਕਮਾ ਕੇ ਗੁਜ਼ਾਰਾ ਕਰਨ ਵਾਲੇ ਪ੍ਰਵਾਸੀ ਮਜ਼ਦੂਪ ਹਨ, ਜੋ ਕਲੋਨੀਆਂ ਵਿੱਚ ਰਹਿੰਦੇ ਹਨ, ਉਨ੍ਹਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਪੂਰੀ ਤਰੀਕੇ ਨਾਲ ਮੁਸਤੈਦ ਹੈ। ਚੰਡੀਗੜ੍ਹ ਦੀ ਟ੍ਰੈਫਿਕ ਵਿਵਸਥਾ ਦੇ ਨਾਲ-ਨਾਲ ਉਹ ਉਨ੍ਹਾਂ ਲੋਕਾਂ ਕੋਲ ਖਾਣਾ ਵੀ ਪਹੁੰਚਾ ਰਹੀ ਹੈ ਜਿਹੜੇ ਲੋਕਾਂ ਨੂੰ ਕਿਤੇ ਖਾਣਾ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਇਸ ਕਰਫ਼ਿਊ ਦੇ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਜਿਹੜੇ ਲੋਕ ਬਿਨਾਂ ਮਤਲਬ ਘਰੋਂ ਬਾਹਰ ਗੱਡੀਆਂ ਲੈ ਕੇ ਨਿਕਲਦੇ ਹਨ, ਉਨ੍ਹਾਂ ਦੀਆਂ ਗੱਡੀਆਂ ਇੰਪਾਊਂਡ ਕੀਤੀਆਂ ਜਾ ਰਹੀਆਂ ਹਨ।
ਡੀਆਈਜੀ ਨੇ ਦੱਸਿਆ ਕਿ ਪਿਛਲੇ ਦਿਨੀਂ ਤਕਰੀਬਨ 4000 ਗੱਡੀਆਂ ਇੰਪਾਊਂਡ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਐਸਐਸਪੀ ਚੰਡੀਗੜ੍ਹ ਦੀ ਗਾਈਡਲਾਈਨਜ਼ ਦੇ ਨਾਲ ਕਰਫਿਊ ਵਿੱਚ ਪਾਰਕਾਂ 'ਚ ਸੈਰ ਕਰ ਰਹੇ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਨੂੰ ਸੈਕਟਰ-16 ਸਟੇਡੀਅਮ ਤੇ ਮਨੀਮਾਜਰਾ ਵਿੱਚ ਸਪੋਰਟਸ ਕੰਪਲੈਕਸ ਨੂੰ ਟੈਂਪਰੇਰੀ ਜੇਲ੍ਹ ਵਿੱਚ ਰੱਖਿਆ ਗਿਆ।
ਡੀਆਈਜੀ ਟ੍ਰੈਫਿਕ ਪੁਲਿਸ ਨੇ ਈਟੀਵੀ ਭਾਰਤ ਦੇ ਦਰਸ਼ਕਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਉਹ ਆਪਣੇ ਘਰੋਂ ਨਾ ਨਿਕਲਣ। ਜਦੋਂ ਹਰ ਕੋਈ ਬੰਦਾ ਆਪਣੇ ਘਰ ਵਿੱਚ ਰਹੇਗਾ, ਉਦੋਂ ਹੀ ਅਸੀਂ ਇਸ ਕੋਰੋਨਾ ਵਾਇਰਸ 'ਤੇ ਜਿੱਤ ਹਾਸਿਲ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਸੂਬੇ ਵਿੱਚ ਕੋਵਿਡ-19 ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 256 ਹੋਈ