ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਕੁਲਗਾਮ ਤੋਂ ਫੜੇ ਗਏ ਡੀਐਸਪੀ ਦਵਿੰਦਰ ਸਿੰਘ ਦੇ ਮਾਮਲੇ 'ਚ ਨੈਸ਼ਨਲ ਜਾਂਚ ਏਜੰਸੀ (NIA) ਨੇ ਵੱਡਾ ਖੁਲਾਸਾ ਕੀਤਾ ਹੈ। ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਹਿਜ਼ਬੁਲ ਦੇ ਅੱਤਵਾਦੀ ਨਾਵੇਦ ਬਾਬਾ ਅਤੇ ਆਸਿਫ ਦੇ ਫੜੇ ਜਾਣ ਤੋਂ ਕਈ ਮਹੀਨੇ ਪਹਿਲਾਂ ਤੋਂ ਹੀ ਦਵਿੰਦਰ ਉਨ੍ਹਾਂ ਦ ਦੇ ਸੰਪਰਕ ਵਿੱਚ ਸੀ ਅਤੇ ਉਹ ਉਨ੍ਹਾਂ ਅੱਤਵਾਦੀਆਂ ਨੂੰ ਚੰਡੀਗੜ੍ਹ ਲੈ ਕੇ ਆਇਆ ਸੀ। ਦੋਵਾਂ ਅੱਤਵਾਦੀਆਂ ਨੇ ਚੰਡੀਗੜ੍ਹ ਦੇ ਸੈਕਟਰ 19 ਦੀ ਰੇਕੀ ਵੀ ਕੀਤੀ ਸੀ।
ਜਾਣਕਾਰੀ ਅਨੁਸਾਰ ਬੀਤੀ 25-26 ਤਰੀਕ ਨੂੰ ਪਠਾਨਕੋਟ ਤੱਕ ਦਵਿੰਦਰ ਸਿੰਘ ਅੱਤਵਾਦੀਆਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਇਥੋਂ ਹੀ ਉਹ ਅੱਤਵਾਦੀਆਂ ਤੋਂ ਵੱਖ ਹੋਇਆ ਸੀ। ਉਸ ਤੋਂ ਬਾਅਦ ਡੀਐੱਸਪੀ ਦਵਿੰਦਰ ਚੰਡੀਗੜ੍ਹ ਪਹੁੰਚਿਆ। ਦੋ ਦਿਨ ਬਾਅਦ ਅੱਤਵਾਦੀ ਨਾਵੇਦ ਉੱਥੇ ਪਹੁੰਚਿਆ ਅਤੇ ਦੋ ਦਿਨ ਚੰਡੀਗੜ੍ਹ ਦੇ ਸੈਕਟਰ 19 'ਚ ਹੀ ਰੁਕੇ। ਉਨ੍ਹਾਂ ਸੈਕਟਰ 19 ਦੀ ਮਾਰਕੀਟ ਦੀ ਰੇਕੀ ਵੀ ਕੀਤੀ।
ਹਾਲਾਂਕਿ ਰੇਕੀ ਕਿਉਂ ਕੀਤੀ ਗਈ ਸੀ ਇਹ ਗੱਲ ਤਾਂ ਅਜੇ ਤੱਕ ਸਾਫ ਨਹੀਂ ਹੋ ਪਾਈ ਹੈ ਪਰ ਕਿਹਾ ਜਾ ਰਿਹਾ ਹੈ ਕਿ ਅੱਤਵਾਦੀਆਂ ਦੇ ਵੱਲੋਂ ਚੰਡੀਗੜ੍ਹ ਸਣੇ ਕਈ ਹੋਰ ਸ਼ਹਿਰਾਂ ਦੇ ਵਿੱਚ ਹਮਲੇ ਕਰਨ ਦੀ ਤਿਆਰੀ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।