ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ: ਵਡਹੰਸੁ ਮਹਲਾ ੪ ਘੋੜੀਆ ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
ਪੰਜਾਬੀ ਵਿਆਖਿਆ : ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਘੋੜੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ। ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥
ਘੋੜੀਆ = ਘੋੜੀਆਂ।ਦੇਹ = ਸਰੀਰ, ਮਨੁੱਖਾ ਸਰੀਰ। ਤੇਜਣਿ = ਘੋੜੀ। ਰਾਮਿ = ਰਾਮ ਨੇ, ਪਰਮਾਤਮਾ ਨੇ। ਉਪਾਈਆ = ਉਪਾਈ, ਪੈਦਾ ਕੀਤੀ ਹੈ। ਧੰਨੁ = ਭਾਗਾਂ ਵਾਲਾ। ਪੁੰਨਿ = ਚੰਗੀ ਕਿਸਮਤ ਨਾਲ। ਪਾਈਆ = ਪਾਈ ਹੈ, ਲੱਭੀ ਹੈ (ਇਹ ਦੇਹ)। ਵਡ ਪੁੰਨੇ = ਵੱਡੀ ਕਿਸਮਤ ਨਾਲ। ਦੇਹ = ਕਾਂਇਆਂ। ਕੰਚਨ = ਸੋਨਾ। ਗੁਰਮੁਖਿ = ਗੁਰੂ ਦੀ ਰਾਹੀਂ। ਚਲੂਲਾ = ਗੂੜ੍ਹਾ। ਨਵ ਰੰਗੜੀਆ = ਨਵੇਂ ਰੰਗ ਨਾਲ ਰੰਗੀ ਗਈ। ਬਾਂਕੀ = ਸੋਹਣੀ। ਜਿਤੁ = ਜਿਸ ਦੀ ਬਰਕਤਿ ਨਾਲ। ਜਾਪੀ = ਜਾਪੀਂ, ਮੈਂ ਜਪ ਸਕਦਾ ਹਾਂ। ਨਾਮਿ = ਨਾਮ ਦੀ ਰਾਹੀਂ। ਪਾਈ = ਲੱਭੀ (ਇਹ ਦੇਹ)। ਸਖਾਈ = ਸਾਥੀ ॥੧॥ (ਐੱਸਜੀਪੀਸੀ)
- Protest By Truck Union: ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦਾ ਧਰਨਾ ਜਾਰੀ, ਆਪਰੇਟਰਾਂ ਨੂੰ ਝੱਲਣੇ ਪੈ ਰਹੇ ਹਨ ਆਰਥਿਕ ਨੁਕਸਾਨ
- State Level Teacher's Day: ਮੁੱਖ ਮੰਤਰੀ ਨੇ ਅਧਿਆਪਕ ਦਿਵਸ ਮੌਕੇ 80 ਅਧਿਆਪਕਾਂ ਦਾ ਕੀਤਾ ਸਨਮਾਨ, ਪੰਜਾਬ 'ਚ 8 UPSC ਕੋਚਿੰਗ ਸੈਂਟਰ ਖੋਲ੍ਹਣ ਦਾ ਐਲਾਨ
- india and bharat name controversy: ਦੇਸ਼ ਦੇ ਨਾਮ ਨੂੰ ਲੈ ਕੇ ਛਿੜਿਆ ਵਿਵਾਦ: ਜਾਣੋਂ ਕੀ ਹੈ 'ਇੰਡੀਆ' ਜਾਂ 'ਭਾਰਤ ਦੇ ਪਿੱਛੇ ਦੀ ਕਹਾਣੀ?
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ