ਮੋਹਾਲੀ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਵਿਕਾਸ ਕਾਰਜਾਂ ਦੀ ਰਫ਼ਤਾਰ ਹੌਲੀ ਹੋ ਗਈ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਅਤੇ ਮੋਹਾਲੀ ਦੇ ਅਕਾਲੀ ਕੌਂਸਲਰ ਵਿਕਾਸ ਕਾਰਜਾਂ ਦੇ ਕ੍ਰੈਡਿਟ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ।
ਸਿਹਤ ਮੰਤਰੀ ਬਲਬੀਰ ਸਿੱਧੂ ਮੋਹਾਲੀ ਦੇ ਮੇਅਰ ਉਤੇ ਸ਼ਹਿਰ ਦਾ ਵਿਕਾਸ ਨਾ ਕਰਵਾਉਣ ਦਾ ਇਲਜ਼ਾਮ ਲਗਾ ਰਹੇ ਹਨ। ਉਨ੍ਹਾਂ ਨੇ ਦਾਅਵਾ ਕਰਦੇ ਕਿਹਾ ਕਿ ਜੋ ਵੀ ਗ੍ਰਾਂਟਾਂ ਲਿਆਂਦੀਆਂ ਗਈਆਂ ਹਨ ਉਹ ਕੈਪਟਨ ਸਰਕਾਰ ਤੋਂ ਉਨ੍ਹਾਂ ਦੀ ਬਦੌਲਤ ਹੀ ਆਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਸ਼ਹਿਰ ਵਿੱਚ ਕੋਈ ਵੀ ਕੰਮ ਠੀਕ ਨਹੀਂ ਕਰ ਰਹੀ ਸਿਰਫ਼ ਆਪਣਾ ਕ੍ਰੈਡਿਟ ਲੈਣਾ ਚਾਹੁੰਦੀ ਹੈ। ਉੱਥੇ ਹੀ ਦੂਜੇ ਪਾਸੇ ਅਕਾਲੀ ਕੌਂਸਲਰਾਂ ਨੇ ਵੀ ਮੰਤਰੀ ਬਲਬੀਰ ਸਿੰਘ ਸਿੱਧੂ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਬਲਬੀਰ ਸਿੱਧੂ 'ਤੇ ਇਲਜ਼ਾਮ ਲਗਾਏ ਹਨ।
ਅਕਾਲੀ ਕੌਂਸਲਰਾਂ ਦਾ ਕਹਿਣਾ ਹੈ ਕਿ ਸਿੱਧੂ ਉਨ੍ਹਾਂ ਨੂੰ ਕੋਈ ਵੀ ਕੰਮ ਕਰਨ ਨਹੀਂ ਦੇ ਰਹੇ ਇੱਥੇ ਤੱਕ ਕਿ ਉਨ੍ਹਾਂ ਦਾ ਕੋਈ ਵੀ ਮਤਾ ਪਾਸ ਨਹੀਂ ਹੋਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਕੋਈ ਵੀ ਗ੍ਰਾਂਟ ਮੋਹਾਲੀ ਨੂੰ ਅਜੇ ਤੱਕ ਨਹੀਂ ਦਿੱਤੀ। ਅਕਾਲੀ-ਭਾਜਪਾ ਸਮੇਂ 2400 ਕਰੋੜ ਰੁਪਇਆਂ ਇਕੱਲੇ ਮੋਹਾਲੀ 'ਤੇ ਹੀ ਲਗਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਲਬੀਰ ਸਿੱਧੂ ਇੱਥੋਂ ਦੇ ਮੰਤਰੀ ਹੋਣ ਦੇ ਬਾਵਜੂਦ ਵੀ ਮੋਹਾਲੀ ਲਈ ਕੁੱਝ ਵੀ ਨਹੀਂ ਕਰ ਰਹੇ।
ਦੱਸ ਦਈਏ ਕਿ ਮੇਅਰ ਕੁਲਵੰਤ ਸਿੰਘ ਅਕਾਲੀ ਦਲ ਨਾਲ ਸਬੰਧ ਰੱਖਦੇ ਹਨ ਜਦੋਂ ਕਿ ਬਲਬੀਰ ਸਿੱਧੂ ਪੰਜਾਬ ਸਰਕਾਰ ਵਿੱਚ ਮੰਤਰੀ ਹਨ। ਜਿੱਥੇ ਬਲਵੀਰ ਸਿੱਧੂ ਇੱਕ ਪਾਸੇ 22 ਕਰੋੜ ਰੁਪਏ ਸਰਕਾਰ ਵੱਲੋਂ ਸੀਵਰੇਜ ਸਿਸਟਮ ਲਈ ਮਨਜ਼ੂਰ ਹੋਣ ਦੀ ਗੱਲ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਅਕਾਲੀ ਕੌਂਸਲਰ ਇੱਕ ਵੀ ਪੈਸਾ ਨਾ ਮਿਲਣ ਦੀ ਗੱਲ ਕਰ ਰਹੇ ਹਨ। ਜੇਕਰ ਸ਼ਹਿਰ ਦੀ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਸੀਵਰੇਜ, ਪਸ਼ੂਆਂ ਦੀ ਸਮੱਸਿਆ, ਹਸਪਤਾਲਾਂ ਦੀ ਡਿਸਪੈਂਸਰੀ ਸਮੇਤ ਕਈ ਵੱਡੀਆਂ ਸਮੱਸਿਆਵਾਂ ਹਨ। ਹੁਣ ਦੇਖਣਾ ਇਹ ਹੋਵੇਗਾ ਮੋਹਾਲੀ ਦੇ ਵਿਧਾਇਕ ਅਤੇ ਪੰਜਾਬ ਸਰਕਾਰ 'ਚ ਮੰਤਰੀ ਬਲਬੀਰ ਸਿੱਧੂ ਅਤੇ ਮੋਹਾਲੀ ਦੇ ਕੌਂਸਲਰਾਂ ਵਿਚਕਾਰ ਇਹ ਜੰਗ ਕਦੋਂ ਰੁਕਦੀ ਹੈ ਅਤੇ ਲੋਕ ਸਮੱਸਿਆਵਾਂ ਦਾ ਹੱਲ ਇਨ੍ਹਾਂ ਦੁਆਰਾ ਕਦੋਂ ਕੱਢਿਆ ਜਾਵੇਗਾ।
ਇਹ ਵੀ ਪੜੋ- 312 ਸਿੱਖਾਂ ਦਾ ਨਾਂਅ ਕਾਲੀ ਸੂਚੀ ਚੋਂ ਕੱਢਣਾ ਖ਼ੁਸ਼ੀ ਦੀ ਗੱਲ: ਸਿਰਸਾ