ਚੰਡੀਗੜ੍ਹ : ਜਲੰਧਰ ਦੀ ਜ਼ਿਮਣੀ ਚੋਣ ਦਾ ਬਿਗੁਲ ਵੱਜ ਗਿਆ ਹੈ ਅਤੇ ਚੋਣ ਮੈਦਾਨ ਵਿਚ ਉੱਤਰਣ ਵਾਲੀਆਂ ਚਾਰੇ ਪਾਰਟੀਆਂ ਨੇ ਆਪਣੇ ਉਮੀਰਵਾਰਾਂ ਦਾ ਐਲਾਨ ਕਰਕੇ ਨਾਮਜ਼ਦਗੀ ਵੀ ਦਾਖ਼ਲ ਕਰਵਾ ਦਿੱਤੀ ਹੈ। 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਣੀ ਚੋਣ ਸਭ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ। ਸਾਰੀਆਂ ਪਾਰਟੀਆਂ ਨੇ ਇਸ ਚੋਣ ਨੂੰ ਫਤਹਿ ਕਰਨ ਲਈ ਪੂਰੀ ਤਾਕਤ ਝੋਕੀ ਹੋਈ ਹੈ। ਇਸ ਸਭ ਦੇ ਵਿਚਾਲੇ ਅਹਿਮ ਜ਼ਿੰਮੇਵਾਰੀ ਹੈ ਸਟਾਰ ਪ੍ਰਚਾਰਕਾਂ ਦੀ ਜਿਹਨਾਂ ਨੂੰ ਪ੍ਰਚਾਰ ਕਰਨ ਲਈ ਚੋਣ ਮੈਦਾਨ ਵਿਚ ਉਤਾਰਿਆ ਗਿਆ। ਇਹ ਚੋਣ ਪ੍ਰਚਾਰਕਾਂ ਨੇ ਕਮਰ ਕੱਸ ਲਈ ਹੈ ਅਤੇ ਜਲੰਧਰ ਦੇ ਵੱਖ- ਵੱਖ ਹਲਕਿਆਂ ਵਿਚ ਜਾ ਕੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਗਿਣਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਸੱਤਾ ਧਿਰ ਆਮ ਆਦਮੀ ਪਾਰਟੀ ਨੇ ਝੋਕੀ ਤਾਕਤ : ਸੱਤਾ ਧਿਰ ਆਮ ਆਦਮੀ ਪਾਰਟੀ ਲਈ ਤਾਂ ਜਲੰਧਰ ਜ਼ਿਮਨੀ ਚੋਣ ਵਕਾਰ ਦਾ ਸਵਾਲ ਬਣੀ ਹੋਈ ਹੈ। ਸੀਐਮ ਭਗਵੰਤ ਮਾਨ ਤੋਂ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿਚ ਡੇਰੇ ਲਗਾਏ ਹੋਏ ਹਨ। ਵਿੱਤ ਮੰਤਰੀ ਹਰਪਾਲ ਚੀਮਾ ਨੂੰ ਜਲੰਧਰ ਦਾ ਇੰਚਾਰਜ ਲਗਾਇਆ ਹੈ। ਆਪ ਦਲਿਤ ਵੋਟ ਬੈਂਕ ਨੂੰ ਕੈਪਚਰ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੀ ਹੋਈ ਹੈ। ਦੇਵੀ ਤਲਾਬ ਮੰਦਰ, ਡੇਰਾ ਸੱਚਖੰਡ ਬੱਲਾਂ ਵਰਗੇ ਅਸਥਾਨਾਂ 'ਤੇ ਆਪ ਆਗੂਆਂ ਦੇ ਗੇੜੇ ਵੱਜ ਰਹੇ ਹਨ। ਸੰਸਦ ਮੈਂਬਰ ਰਾਘਵ ਚੱਢਾ, ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਅਤੇ ਆਪ ਦੀ ਲੋਕਲ ਲੀਡਰਸ਼ਿਪ ਪ੍ਰਚਾਰ ਵਿਚ ਜੁੱਟੀ ਹੋਈ ਹੈ। ਹਾਲਾਂਕਿ 'ਆਪ' ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਐਲਾਨ ਨਹੀਂ ਕੀਤਾ ਪਰ ਦਿੱਲੀ ਸਮੇਤ ਪੰਜਾਬ ਦੇ ਸੀਨੀਅਰ ਆਪ ਆਗੂ ਜਲੰਧਰ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਵਿਚ ਮੌਜੂਦ ਰਹਿਣਗੇ।
ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਨੂੰ ਉਤਾਰਿਆ ਮੈਦਾਨ 'ਚ : ਜਲੰਧਰ ਜ਼ਿਮਨੀ ਚੋਣ ਕਾਂਗਰਸ ਦੇ ਵਜੂਦ ਦੀ ਲੜਾਈ ਮੰਨੀ ਜਾ ਰਹੀ ਹੈ ਕਿਉਂਕਿ ਕਾਂਗਰਸ ਦੇ ਸਾਂਸਦ ਸੰਤੋਖ ਸਿੰਘ ਚੌਧਰੀ ਦੀ ਮੌਤ ਤੋਂ ਬਾਅਦ ਜਲੰਧਰ ਲੋਕ ਸਭਾ ਹਲਕਾ ਖਾਲੀ ਹੋਇਆ ਅਤੇ ਹੁਣ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਸਮੁੱਚੀ ਕਾਂਗਰਸੀ ਲੀਡਰਸ਼ਿਪ ਨੇ ਜਲੰਧਰ ਵਿਚ ਡੇਰੇ ਲਗਾਏ ਹੋਏ ਹਨ। ਉਥੇ ਈ 40 ਸਟਾਰ ਪ੍ਰਚਾਰਕਾਂ ਨੂੰ ਜਲੰਧਰ ਵਿਚ ਦੀ ਕਮਾਨ ਸੌਂਪ ਦਿੱਤੀ ਹੈ।
ਕਾਂਗਰਸ ਵੱਲੋਂ ਜਾਰੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਪਾਰਟੀ ਦੇ ਦਿੱਗਜ ਆਗੂਆਂ ਦੇ ਨਾਂ ਵੀ ਸ਼ਾਮਿਲ ਹਨ। ਜਿਹਨਾਂ ਵਿਚ ਅੰਬਿਕਾ ਸੋਨੀ, ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ, ਨਵਜੋਤ ਸਿੰਘ ਸਿੱਧੂ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ, ਪਵਨ ਕੁਮਾਰ ਬੰਸਲ, ਮੁਕੇਸ਼ ਅਗਨੀਹੋਤਰੀ, ਇਮਰਾਨ ਪ੍ਰਤਾਪਗੜ੍ਹੀ, ਸਚਿਨ ਪਾਇਲਟ, ਭੁਪਿੰਦਰ ਸਿੰਘ ਹੁੱਡਾ, ਹਰੀਸ਼ ਰਾਵਤ, ਰਾਜੇਸ਼ ਲੀਲੋਥੀਆ, ਰਾਜੀਵ ਸ਼ੁਕਲਾ, ਅਲਕਾ ਲਾਂਬਾ, ਕਨ੍ਹੱਈਆ ਕੁਮਾਰ, ਰਣਜੀਤ ਰੰਜਨ, ਮਨੀਸ਼ ਤਿਵਾੜੀ, ਰਵਨੀਤ ਸਿੰਘ ਬਿੱਟੂ, ਗੁਰਜੀਤ ਔਜਲਾ, ਮੁਹੰਮਦ ਸਦੀਕ, ਡਾ. ਅਮਰ ਸਿੰਘ, ਜਸਬੀਰ ਸਿੰਘ ਡਿੰਪਾ, ਰਾਣਾ ਗੁਰਜੀਤ, ਨਦੀਮ ਜਾਵੇਦ, ਮੋਨਾ ਤਿਵਾੜੀ, ਸੰਦੀਪ ਦੀਕਸ਼ਿਤ, ਅਜੇ ਸਿੰਘ ਯਾਦਵ, ਅਵਤਾਰ ਸਿੰਘ ਹੈਨਰੀ, ਸੁਖਪਾਲ ਸਿੰਘ ਖਹਿਰਾ, ਦੀਪੇਂਦਰ ਸਿੰਘ ਹੁੱਡਾ, ਅਨਿਰੁੱਧ ਤਿਵਾੜੀ, ਵਿਕਰਮ ਅਦਿੱਤਿਆ ਸਿੰਘ, ਅਸ਼ੋਕ ਚੰਦਰਾ, ਓਪੀ ਸੋਨੀ ਅਤੇ ਗੌਰਭ ਵੱਲਭ ਨੂੰ ਕਾਂਗਰਸ ਨੇ ਸਟਾਰ ਪ੍ਰਚਾਰਕ ਐਲਾਨਿਆ ਹੈ।
ਭਾਜਪਾ ਨੇ ਲਗਾਇਆ ਅੱਡੀ ਚੋਟੀ ਦਾ ਜ਼ੋਰ : ਪੰਜਾਬ ਵਿਚ ਆਪਣੀ ਸਲਤਨਤ ਕਾਇਮ ਕਰਨ ਲਈ ਭਾਜਪਾ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਅਤੇ ਲੋਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੈ। ਜਲੰਧਰ ਵਿਚ ਵੀ ਪੂਰੀ ਸਰਗਰਮੀ ਨਾਲ ਭਾਜਪਾ ਨੇ ਆਪਣੀ ਚੋਣ ਮੁਹਿੰਮ ਚਲਾ ਰੱਖੀ ਹੈ। ਭਾਜਪਾ ਨੇ ਸੀਨੀਅਰ ਆਗੂ ਵਿਜੈ ਸਾਂਪਲਾ ਨੂੰ ਜਲੰਧਰ ਦੀ ਪੂਰੀ ਕਮਾਨ ਸੌਂਪੀ ਹੈ। ਭਾਜਪਾ ਨੇ ਕੁਝ ਤੇਜ਼ ਤਰਾਰ ਆਗੂਆਂ ਨੂੰ ਜਲੰਧਰ ਤੋਂ ਦੂਰ ਹੀ ਰੱਖਿਆ ਹੈ ਅਤੇ ਵਿਜੇ ਸਾਂਪਲਾ ਦੀ ਅਗਵਾਈ ਵਿਚ ਹੀ ਜਲੰਧਰ ਦੀ ਪੂਰੀ ਰਣਨੀਤੀ ਬਣਾਈ ਗਈ। ਜਲੰਧਰ ਲੋਕ ਸਭਾ ਹਲਕੇ ਦੀਆਂ 5-20 ਸੀਟਾਂ ਪਿੰਡਾਂ ਵਿੱਚੋਂ ਆਉਂਦੀਆਂ ਹਨ, ਜਿੱਥੇ ਸਿੱਖ ਅਤੇ ਦਲਿਤ ਭਾਈਚਾਰੇ ਦੀ ਬਹੁਗਿਣਤੀ ਵੋਟ ਹੈ।
ਸ਼ਾਹਕੋਟ ਵਿੱਚ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਫਿਲੌਰ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਕਰਤਾਰਪੁਰ ਵਿੱਚ ਸਾਬਕਾ ਮੰਤਰੀ ਰਾਣਾ ਸੋਢੀ ਅਤੇ ਸਾਬਕਾ ਵਿਧਾਇਕ ਬਲਵਿੰਦਰ ਲਾਡੀ, ਆਦਮਪੁਰ ਅਤੇ ਨਕੋਦਰ ਵਿੱਚ ਪਰਮਿੰਦਰ ਸਿੰਘ ਬਰਾੜ ਸ਼ਾਮਲ ਹਨ। ਇਸ ਦੀ ਜ਼ਿੰਮੇਵਾਰੀ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਦਿੱਤੀ ਗਈ ਹੈ। ਭਾਜਪਾ ਨੇ ਸਭ ਤੋਂ ਪਹਿਲ਼ਾਂ ਜਲੰਧਰ ਵਿਚ ਆਪਣੀ ਪੈਠ ਬਣਾਉਣੀ ਸ਼ੁਰੂ ਕੀਤੀ ਸੀ। ਭਾਜਪਾ ਨੇ ਸਿੱਖ ਚਿਹਰੇ 'ਤੇ ਦਾਅ ਲਗਾਉਂਦਿਆਂ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਭਾਜਪਾ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਦਾ ਅਜੇ ਐਲਾਨ ਨਹੀਂ ਕੀਤਾ।
ਇਹ ਵੀ ਪੜ੍ਹੋ : Bhagwant Mann Tweet: ਮੁਖਤਾਰ ਅੰਸਾਰੀ ਦਾ 55 ਲੱਖ ਕਾਨੂੰਨੀ ਖਰਚਾ ਭਰਨ ਤੋਂ ਸਰਕਾਰ ਦੀ ਕੋਰੀ ਨਾਂਹ
ਅਕਾਲੀ ਦਲ ਬਸਪਾ ਦੀਆਂ ਕੋਸ਼ਿਸ਼ਾਂ ਵੀ ਜਾਰੀ : ਅਕਾਲੀ ਦਲ ਬਸਪਾ ਗੱਠਜੋੜ ਨੇ ਆਪਣਾ ਸਾਂਝਾ ਉਮੀਦਵਾਰ ਚੋਣ ਮੈਦਾਨ 'ਚ ਉਤਾਰਿਆ ਅਤੇ ਜਲੰਧਰ ਜ਼ਿਮਨੀ ਚੋਣਾਂ ਦੇ ਜ਼ਰੀਏ ਮੁੜ ਤੋਂ ਸੁਰਜੀਤ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਪ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ ਵੀ ਲੱਗਿਆ ਹੈ। ਅਕਾਲੀ ਦਲ ਦੇ ਨਾਮਵਰ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਚਰਨਜੀਤ ਸਿੰਘ ਅਟਵਾਲ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ। ਜਲੰਧਰ ਜ਼ਿਮਨੀ ਚੋਣ ਮੈਦਾਨ ਵਿਚ ਅਕਾਲੀ ਦਲ ਆਪਣਾ ਆਧਾਰ ਕਾਇਮ ਕਰਨ 'ਚ ਲੱਗੀ ਹੋਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬਸਪਾ ਪੰਜਾਬ ਪ੍ਰਧਾਨ ਸੁਰਜੀਤ ਸਿੰਘ ਗੜ੍ਹੀ ਸਮੇਤ ਅਕਾਲੀ ਦਲ ਅਤੇ ਬਸਪਾ ਦੀ ਲੀਡਰਸ਼ਿਪ ਚੋਣ ਪ੍ਰਚਾਰ ਕਰ ਰਹੀ ਹੈ।