ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਿੰਗਾਪੁਰ ਲਈ ਪ੍ਰਿੰਸੀਪਲਾਂ ਦਾ ਤੀਜਾ ਅਤੇ ਚੌਥਾ ਬੈਚ ਰਵਾਨਾ ਕੀਤਾ ਗਿਆ। ਜਿਸ ਦੇ ਵਿੱਚ 72 ਪ੍ਰਿੰਸੀਪਲ ਰਵਾਨਾ ਹੋਏ। ਇਸ ਤੋਂ ਪਹਿਲਾਂ ਦੋ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਭੇਜੇ ਗਏ ਸਨ। ਫਰਵਰੀ ਮਹੀਨੇ ਵਿੱਚ ਪ੍ਰਿੰਸੀਪਲ ਦਾ ਪਹਿਲਾ ਬੈਚ ਰਵਾਨਾ ਕੀਤਾ ਗਿਆ ਸੀ ਅਤੇ ਦੂਜਾ ਬੈਚ ਮਾਰਚ ਵਿੱਚ ਰਵਾਨਾ ਕੀਤਾ ਗਿਆ ਸੀ। ਪਹਿਲੇ ਬੈਚ ਵਿੱਚ 36 ਅਤੇ ਦੂਜੇ ਬੈਚ ਵਿੱਚ 30 ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਗਏ ਸਨ।
"ਮੀਲ ਪੱਥਰ ਸਾਬਿਤ ਹੋਇਆ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣਾ": ਪ੍ਰਿੰਸੀਪਲਾਂ ਨੂੰ ਸਿੰਗਾਪੁਰ ਰਵਾਨਾ ਕਰਦਿਆਂ ਸੀਐੱਮ ਮਾਨ ਨੇ ਕਿਹਾ ਕਿ ਅੱਜ ਪ੍ਰਿੰਸੀਪਲਾਂ ਦਾ ਤੀਜਾ ਬੈਚ ਸਿੰਗਾਪੁਰ ਲਈ ਰਵਾਨਾ ਹੋ ਰਿਹਾ ਹੈ। 'ਆਪ' ਸਰਕਾਰ ਵੱਲੋਂ ਪ੍ਰਿੰਸੀਪਲਾਂ ਨੂੰ ਸਕੂਲ ਭੇਜਣਾ ਮੀਲ ਪੱਥਰ ਸਾਬਿਤ ਹੋ ਰਿਹਾ ਹੈ। ਪ੍ਰਿੰਸੀਪਲ ਸਿੰਗਾਪੁਰ ਟ੍ਰੇਨਿੰਗ ਇੰਸਟੀਚਿਊਟ ਵਿੱਚ ਸਿਖਲਾਈ ਲਈ ਜਾ ਰਹੇ ਹਨ। ਇਸ ਟ੍ਰੇਨਿੰਗ ਵਿੱਚ ਨਵੀਆਂ ਤਕਨੀਕਾਂ ਰਾਹੀਂ ਪੜਾਉਣਾ ਸ਼ਾਮਿਲ ਹੋਵੇਗਾ। ਉਹਨਾਂ ਆਖਿਆ ਕਿ 'ਆਪ' ਸਰਕਾਰ ਦੀ ਸਿੱਖਿਆ ਨੀਤੀ ਦੌਰਾਨ ਪੰਜਾਬ 'ਚ ਬਹੁਤ ਤਬਦੀਲੀਆ ਹੋਈਆਂ। ਬੱਚਿਆਂ ਨੂੰ ਚੰਦਰਯਾਨ ਅਤੇ ਹੋਰ ਤਜ਼ਰਬਿਆਂ ਦੀ ਸਿੱਖਿਆ ਦਿੱਤੀ ਗਈ। ਪੜਾਈ ਦੀਆਂ ਤਕਨੀਕਾਂ ਬਦਲੀਆਂ। ਬੱਚਿਆਂ ਦੇ ਮਾਪਿਆਂ ਦਾ ਸਰਕਾਰੀ ਸਕੂਲਾਂ ਉੱਤੇ ਯਕੀਨ ਬਣਦਾ ਜਾ ਰਿਹਾ ਹੈ। ਬੱਚਿਆਂ ਦੇ ਬੌਧਿਕ ਵਿਕਾਸ ਦੀ ਝਲਕ ਮਾਪਿਆਂ ਨੂੰ ਵੀ ਮਿਲੇਗੀ।
ਰਾਜਪਾਲ ਨੇ ਚੁੱਕੇ ਸੀ ਸਵਾਲ: ਇਸ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਪ੍ਰਿੰਸੀਪਲਾਂ ਦਾ ਇੱਕ ਸਮੂਹ ਸਿਖਲਾਈ ਲਈ ਸਿੰਗਾਪੁਰ ਆਇਆ ਸੀ ਪਰ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਸਿਖਲਾਈ 'ਤੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਸਿੰਗਾਪੁਰ ਲਈ ਭੇਜੇ ਗਏ ਪ੍ਰਿੰਸੀਪਲਾਂ ਦੀ ਚੋਣ ਕਿਸ ਆਧਾਰ ’ਤੇ ਕੀਤੀ ਗਈ ਹੈ। ਇਸ ਦੇ ਲਈ ਕੋਈ ਮੁਕਾਬਲਾ ਕਰਵਾਇਆ ਗਿਆ ਸੀ ਹਾਲਾਂਕਿ ਸਰਕਾਰ ਨੇ ਇਸ ਬਾਰੇ ਅਜੇ ਤੱਕ ਆਪਣੀ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਇਸ ਦੌਰਾਨ ਦੂਜਾ ਜੱਥਾ ਭੇਜਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸੂਬੇ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਹੀ 'ਆਪ' ਨੇ ਐਲਾਨ ਕੀਤਾ ਸੀ ਕਿ ਜੇਕਰ ਪੰਜਾਬ 'ਚ ਤੁਹਾਡੀ ਸਰਕਾਰ ਬਣੀ ਤਾਂ ਅਧਿਆਪਕ ਪਾਣੀ ਦੀਆਂ ਟੈਂਕੀਆਂ 'ਤੇ ਨਹੀਂ ਸਗੋਂ ਟਰੇਨਿੰਗ ਲਈ ਵਿਦੇਸ਼ ਜਾਣਗੇ।