ਚੰਡੀਗੜ੍ਹ: ਕਾਂਸਟੇਬਲਾਂ, ਹੈੱਡ-ਕਾਂਸਟੇਬਲਾਂ ਅਤੇ ਸਬ-ਇੰਸਪੈਕਟਰਾਂ ਦੀ ਭਰਤੀ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਦਿੱਤੇ ਜਾ ਰਹੇ ਮੁਫ਼ਤ ਫਿਜ਼ੀਕਲ ਕੋਚਿੰਗ (Physical Coaching ਅਤੇ ਸਿਖਲਾਈ ਸ਼ੈਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੂਬੇ ਭਰ ਵਿਚ 20000 ਤੋਂ ਵੱਧ ਇਛੁੱਕ ਉਮੀਦਵਾਰਾਂ ਨੇ ਸਿਖਲਾਈ ਯਾਫ਼ਤਾ ਕੋਚਾਂ ਅਤੇ ਡਰਿੱਲ ਇੰਸਟ੍ਰੱਕਟਰਾਂ ਦੀ ਨਿਗਰਾਨੀ ਹੇਠ ਸਰੀਰਕ ਜਾਂਚ ਟੈਸਟ ਲਈ ਆਪਣੀ ਸਿਖਲਾਈ ਸ਼ੁਰੂ ਕਰ ਦਿੱਤੀ ਹੈ।
ਡੀਜੀਪੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤੋਂ ਬਾਅਦ ਸਾਰੇ ਸੀਪੀਜ਼/ ਐਸਐਸਪੀਜ਼ ਨੇ ਆਪਣੇ ਸੰਬੰਧਿਤ ਜ਼ਿਲ੍ਹਿਆਂ ਵਿਚ 27 ਜੂਨ, 2021 ਤੋਂ ਫਿਜ਼ੀਕਲ ਟਰਾਈਲ ਈਵੈਂਟਾਂ ਲਈ ਮੁਫਤ ਕੋਚਿੰਗ ਸੈਸ਼ਨ ਸ਼ੁਰੂ ਕਰ ਦਿੱਤੇ ਸਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 20000 ਤੋਂ ਵੱਧ ਉਮੀਦਵਾਰਾਂ, ਜਿਨ੍ਹਾਂ ਵਿੱਚੋਂ ਤੀਜਾ ਹਿੱਸਾ ਲੜਕੀਆਂ ਹਨ, ਜੋ ਕਿ ਪੁਲਿਸ ਫੋਰਸ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਨੇ ਜ਼ਿਲ੍ਹੇ ਦੇ ਪੁਲਿਸ ਲਾਈਨ ਗਰਾਊਂਡਾਂ ਵਿੱਚ ਆਪਣੀ ਸਰੀਰਕ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲਿਸ ਲਾਈਨਾਂ ਤੋਂ ਇਲਾਵਾ, ਪੰਜਾਬ ਸਰਕਾਰ ਨੇ ਪ੍ਰੈਕਟਿਸ/ਤਿਆਰੀ ਲਈ ਜਨਤਕ ਥਾਵਾਂ, ਜਨਤਕ ਪਾਰਕ ਅਤੇ ਸਟੇਡੀਅਮ ਵੀ ਖੋਲ੍ਹ ਦਿੱਤੇ ਸਨ।
ਡੀਜੀਪੀ ਨੇ ਕਿਹਾ ਕਿ ਉਮੀਦਵਾਰਾਂ ਦੀ ਪ੍ਰੈਕਟਿਸ ਲਈ ਪੁਲਿਸ ਵੱਲੋਂ ਸਿਖਲਾਈ ਪ੍ਰਾਪਤ ਕੋਚਾਂ ਤੋਂ ਇਲਾਵਾ ਲੋੜੀਂਦੇ ਖੇਡ ਉਪਕਰਨ ਜਿਸ ਵਿੱਚ ਉਮੀਦਵਾਰਾਂ ਦੇ ਅਭਿਆਸ ਲਈ ਹਾਈ ਜੰਪ ਸਟੈਂਡ, ਗੱਦੇ ਅਤੇ ਲੰਬੀ ਛਾਲ ਲਈ ਬੁਨਿਆਦੀ ਢਾਂਚਾ ਸ਼ਾਮਲ ਹੈ।ਦਿਨਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਝ ਜ਼ਿਲ੍ਹਿਆਂ ਨੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਦੀ ਭਰਤੀ ਲਈ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਦੀ ਕੋਚਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਹਰੇਕ ਜ਼ਿਲ੍ਹੇ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਜੋ ਭਰਤੀ ਪ੍ਰਕਿਰਿਆ ਚੱਲਣ ਤੱਕ ਉਮੀਦਵਾਰਾਂ ਨੂੰ ਸਰੀਰਕ ਸਿਖਲਾਈ ਅਤੇ ਮੁਫਤ ਕੋਚਿੰਗ ਕਲਾਸਾਂ ਵਿੱਚ ਸਹਾਇਤਾ ਕਰਨਗੇ। ਮੁਫ਼ਤ ਕੋਚਿੰਗ ਲੈਣ ਦਾ ਇਛੁੱਕ ਕੋਈ ਵੀ ਉਮੀਦਵਾਰ ਨੋਡਲ ਅਧਿਕਾਰੀਆਂ ਜੋ ਹਰੇਕ ਜ਼ਿਲ੍ਹੇ ਲਈ ਨਿਯੁਕਤ ਕੀਤੇ ਗਏ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਅਫ਼ਸਰਾਂ ਸਮੇਤ ਵੱਖ-ਵੱਖ ਕਾਡਰਾਂ ਵਿਚ 560 ਸਬ-ਇੰਸਪੈਕਟਰਾਂ ਦੀ ਸਿੱਧੀ ਭਰਤੀ ਲਈ ਆਨਲਾਈਨ ਅਰਜ਼ੀਆਂ ਪਹਿਲਾਂ ਹੀ ਮੰਗੀਆਂ ਜਾ ਚੁੱਕੀਆਂ ਹਨ ਅਤੇ ਚਾਹਵਾਨ ਉਮੀਦਵਾਰ 27 ਜੁਲਾਈ, 2021 ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਤੇ ਆਰਮਡ ਕਾਡਰਾਂ ਵਿਚ ਤਕਰੀਬਨ 4400 ਕਾਂਸਟੇਬਲਾਂ ਦੀ ਸਿੱਧੀ ਭਰਤੀ ਲਈ ਵੀ ਅਰਜ਼ੀਆਂ ਇਕ ਹਫ਼ਤੇ ਦੇ ਅੰਦਰ-ਅੰਦਰ ਮੰਗੀਆਂ ਜਾਣਗੀਆਂ ਅਤੇ ਚਾਹਵਾਨ ਉਮੀਦਵਾਰ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ।
ਇਹ ਵੀ ਪੜੋ:Assembly Elections 2022: ਵੋਟਾਂ ‘ਤੇ ਭਾਰੀ ਪੈਂਦਾ ਨਸ਼ਾ, ਵੇਖੋ ਖਾਸ ਰਿਪੋਰਟ