ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ 'ਚ ਬਜਟ 'ਤੇ ਚਰਚਾ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨੇ ਸਾਧੇ ਹਨ। ਇਸ ਮੌਕੇ ਉਨ੍ਹਾਂ ਚੰਨੀ ਉਤੇ ਵਰ੍ਹਦਿਆਂ ਕਿਹਾ ਕਿ ਮੈਂ ਉਨ੍ਹਾਂ ਦਾ ਨਾਂ ਕਿਸੇ ਮਾਮਲੇ 'ਚ ਲਿਆ ਸੀ, ਇਸ ਲਈ ਉਹ ਵਿਦੇਸ਼ ਨਹੀਂ ਗਏ ਜਦਕਿ ਅਸਲੀਅਤ ਇਹ ਹੈ ਕਿ ਲੁੱਕਆਊਟ ਨੋਟਿਸ ਪਹਿਲਾਂ ਹੀ ਜਾਰੀ ਹੋ ਚੁੱਕਾ ਸੀ।। ਚੰਨੀ ਦੇ ਵਿਦੇਸ਼ ਜਾਣ ਦੇ ਦਿਨ ਤੋਂ 3 ਦਿਨ ਪਹਿਲਾਂ ਹੀ ਉਸ ਵਿਰੁੱਧ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਜਵਾਬ ਦਿੱਤਾ ਹੈ।
ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਚੰਨੀ ਨੇ ਸਵਾਲ ਚੁੱਕਿਆ ਕਿ ਅਸੀਂ ਆਪਣੇ ਪ੍ਰਿੰਸੀਪਲ ਨੂੰ ਸਿੰਗਾਪੁਰ ਕਿਉਂ ਭੇਜ ਰਹੇ ਹਨ, ਜਦਕਿ ਇਨ੍ਹਾਂ ਨੂੰ ਅਮਰੀਕਾ ਭੇਜਣਾ ਚਾਹੀਦਾ ਸੀ। ਚੰਨੀ ਦੇ ਇਸ ਬਿਆਨ ਉਤੇ ਮੁੱਖ ਮੰਤਰੀ ਨੇ ਕਿਹਾ ਕਿ "ਕਾਂਗਰਸ ਦੇ ਰਾਜ ਦੇ ਆਖਰੀ ਸਮੇਂ ਦਾ ਮੁੱਖ ਮੰਤਰੀ ਵੀ ਅਮਰੀਕਾ ਪੀਐੱਚਡੀ ਕਰਨ ਲਈ ਗਿਆ ਸੀ ਤੇ ਉਸ ਦਾ ਵਿਸ਼ਾ ਸੀ, ਕਾਂਗਰਸ ਦਾ ਉਤਰਾਅ ਤੇ ਚੜ੍ਹਾਅ। ਚੰਨੀ ਨੇ ਕਿਹਾ ਸੀ ਕਿ ਮੈਂ ਕਾਂਗਰਸ ਦੇ ਹਾਰਨ ਦਾ ਕਾਰਨ ਲੱਭਣ ਗਿਆ ਸੀ, ਜਦਕਿ ਕਾਂਗਰਸ ਦੇ ਹਾਰਨ ਦਾ ਵੱਡਾ ਕਾਰਨ ਚੰਨੀ ਖੁਦ ਸੀ।"
ਸਾਬਕਾ ਵਿੱਤ ਮੰਤਰੀ ਨੂੰ ਜਵਾਬ: ਪਿਛਲੀ ਸਰਕਾਰ ਦੇ ਸਾਬਕਾ ਵਿੱਤ ਮੰਤਰੀ ਉਤੇ ਤਨਜ਼ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ, “ਇਸ ਤੋਂ ਪਹਿਲਾਂ ਬਜਟ ਦੀ ਭਾਸ਼ਾ ਸਾਦੀ ਨਹੀਂ ਸੀ ਹੁੰਦੀ, ਸਗੋਂ ਸ਼ਾਇਰੀ ਨਾਲ ਦੂਜੇ ਮੁਲਕਾਂ ਦਾ ਹਵਾਲਾ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਸੀ। ਅਕਾਲੀ ਅਤੇ ਕਾਂਗਰਸ ਦੀਆਂ ਸਰਕਾਰਾਂ ਵਿਚ ਡੈਪੂਟੇਸ਼ਨ ਉਤੇ ਇਕੋ ਵਿੱਤ ਮੰਤਰੀ 9 ਸਾਲ ਬਜਟ ਪੇਸ਼ ਕਰਦਾ ਰਿਹਾ ਹੈ ਅਤੇ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕੀਤਾ। ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਗਿਰਗਿਟ ਵਾਂਗ ਪਾਰਟੀਆਂ ਬਦਲਣ ਵਾਲੇ ਸਾਬਕਾ ਵਿੱਤ ਮੰਤਰੀ ਹੁਣ ਸਾਨੂੰ ਬਜਟ ਬਾਰੇ ਨਸੀਹਤਾਂ ਦੇ ਰਹੇ ਹਨ।”
ਇਹ ਵੀ ਪੜ੍ਹੋ : Punjab Budget 2023: ਪੰਜਾਬ ਸਰਕਾਰ ਦੇ ਬਜਟ 'ਚ ਸਿੱਖਿਆ ਖੇਤਰ ਲਈ ਕਈ ਵੱਡੇ ਐਲਾਨ, ਚੁਣੌਤੀਆਂ ਵੀ ਰੋਕਣਗੀਆਂ ਸਰਕਾਰ ਦਾ ਰਾਹ, ਖਾਸ ਰਿਪੋਰਟ...
ਭਾਜਪਾ ਨੂੰ ਲਿਆ ਕਰੜੇ ਹੱਥੀ: ਭਾਜਪਾ ਵੱਲੋਂ ਪੰਜਾਬ ਨਾਲ ਪਿਆਰ ਹੋਣ ਦੇ ਦਾਅਵੇ ਦੀ ਖਿੱਲੀ ਉਡਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਾਜਪਾ ਨੂੰ ਪੰਜਾਬ ਨਾਲ ਸੱਚਮੁੱਚ ਹੀ ਮੁਹੱਬਤ ਸੀ ਤਾਂ ਫੇਰ ਕੇਂਦਰੀ ਬਜਟ ਵਿਚ ਪੰਜਾਬ ਦਾ ਜ਼ਿਕਰ ਤੱਕ ਵੀ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ 26 ਜਨਵਰੀ ਦੇ ਗਣਤੰਤਰ ਪਰੇਡ ਵਿੱਚੋਂ ਪੰਜਾਬ ਦੀ ਝਾਕੀ ਨੂੰ ਬਾਹਰ ਕੱਢ ਕੇ ਪੰਜਾਬ ਦੇ ਬਹਾਦਰ ਯੋਧਿਆਂ ਦੀਆਂ ਪ੍ਰਤੀ ਕੁਰਬਾਨੀਆਂ ਦੀ ਤੌਹੀਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੂਜੇ ਸੂਬੇ ਤੋਂ ਆਪਣਾ ਕੋਲਾ ਵਾਇਆ ਸ਼੍ਰੀਲੰਕਾ ਹੋ ਕੇ ਲਿਆਉਣ ਦੀਆਂ ਸ਼ਰਤਾਂ ਥੋਪਣ ਵਾਲੀ ਪਾਰਟੀ ਪੰਜਾਬ ਹਿਤੈਸ਼ੀ ਕਿਸ ਤਰ੍ਹਾਂ ਹੋ ਸਕਦੀ ਹੈ।
ਇਹ ਵੀ ਪੜ੍ਹੋ : Punjab Budget: ਬਜਟ ਦਾ ਵਿਰੋਧ ਕਰਨ ਵਾਲਿਆਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਕਰਾਰਾ ਜਵਾਬ, ਬਿਨ੍ਹਾਂ ਨਾਮ ਲਏ ਸਾਧੇ ਨਿਸ਼ਾਨੇ
ਸਿਆਸਤਦਾਨਾਂ ਨੇ ਪੰਜਾਬ ਨੂੰ ਲੁੱਟਿਆ: ਸਿੰਗਾਪੁਰ ਵਿਚ ਸਿਖਲਾਈ ਲਈ ਪ੍ਰਿੰਸੀਪਲਾਂ ਦੇ ਬੈਚ ਭੇਜਣ ਬਾਰੇ ਸਵਾਲ ਚੁੱਕਣ ਵਾਲਿਆਂ ਨੂੰ ਮੁੱਖ ਮੰਤਰੀ ਨੇ ਕਿਹਾ, “ਚੰਗੀ ਸਿੱਖਿਆ ਅਤੇ ਬਰਾਬਰ ਦੇ ਮੌਕਿਆਂ ਨਾਲ ਹੀ ਕਿਸੇ ਪਰਿਵਾਰ ਦੀ ਗੁਰਬਤ ਦੂਰ ਕੀਤੀ ਜਾ ਸਕਦੀ ਹੈ ਅਤੇ ਅਸੀਂ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਵਿਸ਼ਵ ਪੱਧਰ ਦੀ ਸਿਖਲਾਈ ਦਿਵਾ ਰਹੇ ਹਾਂ ਤਾਂ ਕਿ ਸਾਡੇ ਬੱਚੇ ਮਿਆਰੀ ਸਿੱਖਿਆ ਹਾਸਲ ਕਰ ਸਕਣ।” ਸਾਬਕਾ ਮੁੱਖ ਮੰਤਰੀ ਵੱਲੋਂ ਅਮਰੀਕਾ ਦੌਰਾ ਰੱਦ ਕਰਨ ਦੇ ਕੀਤੇ ਦਾਅਵੇ ਉਤੇ ਤੰਜ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ ਕਾਂਗਰਸ ਦੀ ਬੇੜੀ ਡੋਬਣ ਵਾਲੇ ਹੀ ਅਮਰੀਕਾ ਵਿਚ ਜਾ ਕੇ ਕਾਂਗਰਸ ਪਾਰਟੀ ਦੇ ਉਥਾਨ ਤੇ ਪਤਨ ਉਤੇ ਪੀਐਚ.ਡੀ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਿਆਸਤਦਾਨਾਂ ਨੇ ਸ਼ਰਾਫ਼ਤ ਦਾ ਮੁਖੌਟਾ ਪਾ ਕੇ ਪੰਜਾਬ ਨੂੰ ਲੁੱਟਿਆ।