ਚੰਡੀਗੜ੍ਹ: ਸਾਬਕਾ ਲੋਕ ਸਭਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਵਿੱਚ ਫਸੇ 600 ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਕਿਉਂਕਿ ਇਨ੍ਹਾਂ ਪੰਜਾਬੀਆਂ ਦੇ ਪਾਸਪੋਰਟ ਇਨ੍ਹਾਂ ਦੇ ਮਾਲਕ ਨੇ ਜ਼ਬਤ ਕਰ ਲਏ ਹਨ।
ਪ੍ਰਧਾਨ ਮੰਤਰੀ ਨੂੰ ਲਿਖੇ ਇਕ ਪੱਤਰ ਵਿੱਚ ਡਾ. ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਸਾਰੇ 600 ਪੰਜਾਬੀ ਫਰਮਾਨੀਆ ਵਿੱਚ ਕੇ ਜੀ ਐਲ ਨਾਂਅ ਦੀ ਪ੍ਰਾਈਵੇਟ ਫਰਮ ਵਿੱਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਕਿਉਂਕਿ ਇਨ੍ਹਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਨਾ ਹੀ ਇਹ ਆਪਣੀ ਕੰਮ ਵਾਲੀ ਥਾਂ ਤੋਂ ਬਾਹਰ ਨਿਕਲ ਸਕਦੇ। ਕਿਉਂਕਿ ਇਨ੍ਹਾਂ ਦੇ ਪਾਸਪੋਰਟ ਕੰਪਨੀ ਮੈਨੇਜਮੈਂਟ ਕੋਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਵਰਕਰਾਂ ਦੇ ਰਿਸ਼ਤੇਦਾਰਾਂ ਨੇ ਆ ਕੇ ਮੰਗ ਪੱਤਰ ਦਿੱਤੇ ਹਨ ਤੇ ਮੰਗ ਕੀਤੀ ਹੈ ਕਿ ਇਹ ਵਾਪਸ ਪੰਜਾਬ ਲਿਆਂਦੇ ਜਾਣ।
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕੁਵੈਤ ਵਿਚ ਭਾਰਤੀ ਸਫਾਰਤਖਾਨੇ ਸਮੇਤ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਦੇਣ ਕਿ ਫਸੇ ਹੋਏ ਇਨ੍ਹਾਂ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਾਲ ਨਾਲ ਇਨ੍ਹਾਂ ਨੂੰ ਵਾਪਸ ਪੰਜਾਬ ਲਿਆਉਣਾ ਯਕੀਨੀ ਬਣਾਇਆ ਜਾਵੇ।