ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੋਮਵਾਰ ਸੂਖਨਾ ਝੀਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਵੇਕਲੇ ਅਤੇ ਅਨੋਖੇ ‘ਮਲਟੀਮੀਡੀਆ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਕਰਵਾਇਆ ਗਿਆ। ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਫ਼ਲਸਫੇ ਤੋਂ ਸੰਗਤ ਨੂੰ ਜਾਣੂੰ ਕਰਵਾਉਣ ਲਈ ਅਤਿ ਆਧੁਨਿਕ ਤਕਨੀਕ ਦੀ ਸਹਾਇਤਾ ਨਾਲ ਸ਼ਾਨਦਾਰ ਢੰਗ ਨਾਲ 45 ਮਿੰਟ ਦੇ ਸ਼ੋਅ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਰੂਪਮਾਨ ਕੀਤਾ ਗਿਆ।
ਰੌਸ਼ਨੀ ਅਤੇ ਅਵਾਜ ਦੇ ਖੂਬਸੂਰਤ ਸੁਮੇਲ ਵਾਲੇ ਉਕਤ ਸ਼ੋਅ ਦੇ ਦੌਰਾਨ ਗੁਰੂ ਨਾਨਕ ਸਾਹਿਬ ਦੇ ਸਰਬ-ਸਾਂਝੀਵਾਲਤਾ, ਅਹਿੰਸਾ, ਸ਼ਾਂਤੀ, ਭਾਈਚਾਰਕ ਸਾਂਝ, ਮਹਿਲਾ ਸਸ਼ਕਤੀਕਰਨ ਅਤੇ ਕੁਦਰਤ ਦੀ ਸੁਰੱਖਿਆ ਦੇ ਸੰਦੇਸ਼ ਨੂੰ ਸੰਜੀਵੀ ਰੂਪ ਵਿੱਚ ਪੇਸ਼ ਕੀਤਾ ਗਿਆ। ਸ਼ੋਅ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਮਾਜਿਕ ਬਰਾਬਰਤਾ ਲਈ ਕੀਤੇ ਗਏ ਉਪਰਾਲਿਆਂ ਬਾਰੇ ਵੀ ਦਰਸ਼ਕਾਂ ਨੂੰ ਜਾਣੂੰ ਕਰਵਾਇਆ ਗਿਆ, ਜਿਸ ਦਾ ਮੌਜੂਦ ਹਜ਼ਾਰਾਂ ਸੰਗਤਾਂ ਨੇ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ ਆਨੰਦ ਮਾਣਿਆ।
ਇਸ ਸ਼ੋਅ ਨੂੰ ਵੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰਕ ਮੈਂਬਰ, ਜੁਡੀਸ਼ੀਅਲ, ਸਿਵਲ ਅਤੇ ਪੁਲਿਸ ਅਧਿਕਾਰੀ ਵੀ ਪਰਿਵਾਰਾਂ ਸਮੇਤ ਸ਼ੋਅ ਦੇਖਣ ਪਹੁੰਚੇ। ਅਤਿ ਅਧੂਨਿਕ ਤਕਨੀਕ ਰਾਹੀਂ ਪੇਸ਼ ਕੀਤੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ ਨਾਲ ਚੰਡੀਗੜ੍ਹ ਦੀ ਸੁਖਨਾ ਝੀਲ ਗੁਰੂ ਨਾਨਕ ਦੇ ਰੰਗ ਵਿਚ ਰੰਗੀ ਗਈ। ਰੰਗ ਬਿਰੰਗੀਆਂ ਲਾਈਟਾਂ ਅਤੇ ਲੇਜ਼ਰ ਕਿਰਨਾਂ ਰਾਹੀਂ ਪਾਣੀ ਵਿਚੋਂ ਨਿਕਲੀਆਂ ਅਲੌਕਿਕ ਤਿਰੰਗਾਂ ਅਤੇ ਰੌਸ਼ਨੀਆਂ ਨਾਲ ਪੂਰੀ ਝੀਲ ਅਤੇ ਚੁਫੇਰਾ ਜਗਮਗਾ ਉੱਠੀਆ।
ਪੰਜਾਬ ਸਰਕਾਰ ਵੱਲੋਂ ਯੂ.ਟੀ ਪ੍ਰਸਾਸ਼ਨ ਦੇ ਸਹਿਯੋਗ ਨਾਲ ਸੁਖਨਾ ਝੀਲ ਵਿਖੇ ਇਹ ਸ਼ੋਅ 2 ਦਿਨ ਕਰਵਾਇਆ ਜਾ ਰਿਹਾ ਹੈ, ਅੱਜ ਪਹਿਲੇ ਦਿਨ ਦੋ ਸ਼ੋਅ ਕਰਵਾਏ ਗਏ। ਇਸੇ ਤਰਾਂ ਕੱਲ ਮਿਤੀ 19 ਨਵੰਬਰ ਨੂੰ ਵੀ ਇਸੇ ਸਥਾਨ ’ਤੇ ਸ਼ਾਮ 7 ਤੋਂ 7.45 ਵਜੇ ਤੱਕ ਅਤੇ 8.15 ਤੋਂ 9.00 ਵਜੇ ਤੱਕ ਦੋ ਸ਼ੋਅ ਕਰਵਾਏ ਜਾਣਗੇ।