ਚੰਡੀਗੜ੍ਹ: ਕੇਂਦਰੀ ਗਰਾਊਂਡ ਵਾਟਰ ਬੋਰਡ ਦੀ ਰਿਪੋਰਟ ਨੇ ਪੰਜਾਬ ਲਈ ਖ਼ਤਰੇ ਦਾ ਘੁੱਗੂ ਵਜਾ ਦਿੱਤਾ ਹੈ। ਲੰਮੇ ਸਮੇਂ ਤੋਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹੀਆਂ ਅਤੇ ਇਸ ਪਾਣੀ ਦੇ ਘਟ ਰਹੇ ਪੱਧਰ ਦੀਆਂ ਚਰਚਾਵਾਂ ਵੀ ਹੁੰਦੀਆਂ ਰਹੀਆਂ। ਪਰ ਹੁਣ ਪੰਜਾਬ ਸਬੰਧੀ ਜੋ ਅੰਕੜੇ ਸਾਹਮਣੇ ਆਏ ਹਨ, ਉਹਨਾਂ ਨੇ ਤਾਂ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਹੁਣ ਧਰਤੀ ਹੇਠਲੇ ਪਾਣੀ ਦਾ ਭਵਿੱਖ ਖਤਰੇ ਵਿਚ ਨਜ਼ਰ ਆ ਰਿਹਾ ਹੈ।
ਕੇਂਦਰੀ ਗਰਾਊਂਡ ਵਾਟਰ 2022 ਦੀ ਰਿਪੋਰਟ ਨੇ ਤਾਂ ਪੰਜਾਬ ਦਾ ਭਵਿੱਖ ਦਾਅ ਉੱਤੇ ਲੱਗਿਆ ਵਿਖਾਈ ਦਿੱਤਾ ਹੈ। ਇਨ੍ਹਾਂ ਹੀ ਨਹੀਂ ਧਰਤੀ ਹੇਠਲੇ ਪਾਣੀ ਵਿਚ ਦੂਸ਼ਿਤ ਤੱਤਾਂ ਨੇ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਰਿਪੋਰਟ ਦੇ ਵਿਚ ਦੇਸ਼ ਦੇ ਸਾਰੇ ਸੂਬਿਆਂ ਦੀ ਪਾਣੀ ਦੀ ਸਥਿਤੀ ਸਪੱਸ਼ਟ ਕੀਤੀ ਗਈ ਹੈ। ਜਿਸਦੇ ਵਿਚ ਪੰਜਾਬ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਧਰਤੀ ਹੇਠਲਾ ਪਾਣੀ ਦਾ ਪੱਧਰ ਸੁਰੱਖਿਆ ਦਾ ਘੇਰੇ ਤੋਂ ਵੀ ਕਿਧਰੇ ਹੇਠਾਂ ਲੰਘ ਗਿਆ ਹੈ। ਈਟੀਵੀ ਭਾਰਤ ਦੀ ਇਸ ਖਾਸ ਰਿਪੋਰਟ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਬਲਾਕਾਂ ਅੰਦਰ ਧਰਤੀ ਹੇਠਲੇ ਪਾਣੀ ਦੀ ਸਥਿਤੀ ਬਾਰੇ ਚਰਚਾ ਕੀਤੀ ਜਾਵੇਗੀ।
ਕੇਂਦਰੀ ਗਰਾਊਂਡ ਵਾਟਰ 2022 ਦੀ ਰਿਪੋਰਟ ਕੀ ? ਕੇਂਦਰੀ ਗਰਾਊਂਡ ਵਾਟਰ 2022 ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਦਿਨੋਂ ਦਿਨ ਧਰਤੀ ਹੇਠਲੇ ਪਾਣੀ ਵਿਚੋਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਜੋ ਕਿ ਪਾਣੀ ਦੀ ਸੁਰੱਖਿਆ ਪਰਤ ਨੂੰ ਵੀ ਪਾਰ ਕਰ ਚੁੱਕਾ ਹੈ। ਜਦਕਿ ਬਾਕੀ ਸੂਬਿਆਂ ਵਿਚ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੰਤੋਸ਼ਜਨਕ ਹੈ। ਪੰਜਾਬ ਦੇ ਕਈ ਬਲਾਕ, ਕਈ ਜ਼ਿਲ੍ਹੇ ਅਤੇ ਕਈ ਸ਼ਹਿਰ, ਡਾਰਕ ਜੋਨ ਵਿਚ ਪਹੁੰਚ ਗਏ ਹਨ। ਅੰਕੜਿਆਂ ਦੀ ਗੱਲ ਕਰੀਏ ਤਾਂ 153 ਬਲਾਕਾਂ ਵਿਚੋਂ 117 ਬਲਾਕ ਡਾਰਕ ਜੋਨ ਵਿਚ ਹਨ। ਸਿਰਫ਼ 17 ਬਲਾਕ ਹੀ ਅਜਿਹੇ ਹਨ ਜੋ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਪੰਜਾਬ ਵਿਚ ਬਲਾਕ ਪੱਧਰ 'ਤੇ ਧਰਤੀ ਹੇਠਲੇ ਪਾਣੀ ਦੀ ਸਥਿਤੀ:- ਰਿਪੋਰਟ ਦੇ ਅਨੁਸਾਰ ਅੰਮ੍ਰਿਤਸਰ ਦੇ ਅਜਨਾਲਾ ਬਲਾਕ ਵਿਚ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਵਰਤੋਂ ਵਿਚ ਲਿਆ ਕੇ ਮੁੱਕਣ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ। ਅੰਮ੍ਰਿਤਸਰ ਸ਼ਹਿਰੀ, ਅਟਾਰੀ, ਚੌਗਾਵਾਂ, ਹਰਸ਼ਾ ਛੀਨਾ, ਜੰਡਿਆਲਾ, ਮਜੀਠਾ, ਜੰਡਿਆਲਾ, ਤਰਸਿੱਕਾ, ਵੇਰਕਾ ਬਰਨਾਲਾ ਮਹਿਲਾ ਕਲਾਂ, ਸਹਿਣਾ, ਬਠਿੰਡਾ, ਭਗਤਾ ਭਾਈਕਾ, ਗੋਨੀਆਨਾ ਮੰਡੀ, ਮੌੜ ਨਥਾਨਾ, ਫੂਲ, ਜੈਤੋਂ, ਕੋਟਕਪੁਰਾ, ਅਮਲੋਹ, ਬਸੀ ਪਠਾਣਾਂ, ਖਮਾਣੋਂ, ਸਰਹੰਦ, ਜਲਾਲਾਬਾਦ, ਫ਼ਿਰੋਜ਼ਪੁਰ, ਘੱਲ ਖੁਰਦ, ਗੁਰੂ ਹਰਸਹਾਏ ਆਦਿ।
ਇਸ ਤੋਂ ਇਲਾਵਾ ਮਮਦੋਟ, ਜ਼ੀਰਾ, ਬਟਾਲਾ, ਡੇਰਾ ਬਾਬਾ ਨਾਨਕ, ਧਾਰੀਵਾਲ, ਗੁਰਦਾਸਪੁਰ, ਕਾਦੀਆਂ, ਦਸੂਆ, ਗੜਸ਼ੰਕਰ, ਟਾਂਡਾ, ਅਦਮਪੁਰ, ਭੋਗਪੁਰ, ਜਲੰਧਰ, ਲੋਹੀਆਂ, ਮਹਿਤਪੁਰ, ਨਕੋਦਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ ਅਤੇ ਹੋਰ ਕਈ ਬਲਾਕਾਂ ਦੇ ਵਿਚ ਪਾਣੀ ਦੀ ਓਵਰ ਐਕਸਪਲੋਈਟਡ ਦਿਖਾਈ ਗਈ ਹੈ ਯਾਨਿ ਕਿ ਇਹ ਬਲਾਕ ਡਾਰਨ ਜੋਨ ਵਿਚ ਪ੍ਰਵੇਸ਼ ਕਰ ਗਏ ਹਨ ਕਿਸੇ ਵੇਲੇ ਇਥੇ ਪਾਣੀ ਦਾ ਸੰਕਟ ਖੜਾ ਹੋ ਸਕਦਾ ਹੈ।
ਜਦਕਿ ਰਾਮਪੁਰਾ ਤਲਵੰਡੀ ਸਾਬੋ, ਸੰਗਤ, ਅਰਨੀਵਾਲਾ, ਸੁਬਾਨਪੁਰ, ਸ੍ਰੀ ਹਰਗੋਬਿੰਦਪੁਰ, ਬੁਢਲਾਡਾ, ਬਮਿਆਲ, ਘਰੋਤਾ, ਬਲਾਚੌਰ, ਆਨੰਦਪੁਰ ਸਾਹਿਬ ਸੈਮੀਕ੍ਰਿਟੀਕਲ ਪੱਧਰ ਵਿਚ ਆ ਰਹੇ ਹਨ। ਉਥੇ ਈ ਜੇਕਰ ਸੁਰੱਖਿਆ ਦਾਇਰੇ ਦੀ ਗੱਲ ਕਰੀਏ ਤਾਂ ਹਾਜ਼ੀਪੁਰ, ਤਲਵਾੜਾ, ਸੁਜਾਨਪੁਰ, ਝੁਨੀਰ, ਗਿੱਦੜਬਾਹਾ, ਲੰਬੀ, ਮਲੋਟ, ਮੁਕਤਸਰ, ਧਾਰ ਕਲਾਂ, ਨੂਰਪੁਰ ਬੇਦੀ, ਰੋਪੜ, ਮਾਜਰੀ ਅਤੇ ਸਰੋਆ ਹੀ ਅਜਿਹੇ ਬਲਾਕ ਹਨ ਜਿਥੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਸੰਤੋਸ਼ਜਨਕ ਅਤੇ ਸੁਰੱਖਿਅਤ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਧਰਤੀ ਹੇਠਲਾ ਪਾਣੀ ਹੈ ਦੂਸ਼ਿਤ:- ਇਸ ਰਿਪੋਰਟ ਦੇ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹੇ ਅਜਿਹੇ ਹਨ, ਜਿੱਥੇ ਧਰਤੀ ਹੇਠਲੇ ਪਾਣੀ ਵਿਚ ਦੂਸ਼ਿਤ ਅਤੇ ਜ਼ਹਿਰੀਲੇ ਕਣ ਮੌਜੂਦ ਹਨ। ਬਠਿੰਡਾ, ਫਰੀਦਕੋਟ, ਫ਼ਿਰੋਜ਼ਪੁਰ, ਗੁਰਦਾਸਪੁਰ, ਮਾਨਸਾ, ਮੋਗਾ, ਮੁਕਤਸਰ ਸਾਹਿਬ ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਵਿਚ ਧਰਤੀ ਹੇਠਲੇ ਪਾਣੀ ਅੰਦਰ ਖਾਰੇਪਣ ਦੇ ਤੱਤ ਮੌਜੂਦ ਹਨ। ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਾਜ਼ਿਲਕਾ, ਫਰੀਦਕੋਟ, ਫ਼ਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਜਲੰਧਰ, ਲੁਧਿਆਣਾ ਅਤੇ ਮਾਨਸਾ ਵਿਚ ਪਾਣੀ ਅੰਦਰ 1.5 ਐਮਜੀ ਫਲੋਰਾਈਡ ਦੀ ਮਾਤਰਾ ਮੌਜੂਦ ਹੈ। ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਗੁਰਦਾਸਪੁਰ ਵਿਚ ਧਰਤੀ ਹੇਠਲੇ ਪਾਣੀ ਅੰਦਰ ਨਾਈਟ੍ਰੇਟ ਦੀ 45 ਐਮ.ਜੀ ਮਾਤਰਾ ਮੌਜੂਦ ਹੈ। ਮਾਨਸਾ, ਅੰਮ੍ਰਿਤਸਰ, ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ, ਰੋਪੜ, ਫਰੀਦਕੋਟ, ਨਵਾਂ ਸ਼ਹਿਰ, ਸੰਗਰੂਰ ਵਿਚ ਪਾਣੀ ਅੰਦਰ ਆਰਸੈਨਿਕ ਦੇ ਕਈ ਕਣ ਮੌਜੂਦ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਪਾਣੀ ਅੰਦਰ ਭਾਰੀ ਲੋਹ ਤੱਤ ਵੀ ਮੌਜੂਦ ਹਨ।
ਪਾਣੀ ਦੀ ਡੂੰਘਾਈ ਦੀ ਸਥਿਤੀ:- ਰਿਪੋਰਟ ਦੇ ਵਿਚ ਦੱਸਿਆ ਗਿਆ ਹੈ ਕਿ ਦੇਸ਼ ਅੰਦਰ ਪ੍ਰੀ ਮੌਨਸੂਨ ਦੇ ਅੰਕੜਿਆਂ ਅਨੁਸਾਰ ਪਾਣੀ ਦੇ ਪੱਧਰ ਵਿਚ ਡੂੰਘਾਈ ਬਹੁਤ ਘੱਟ ਹੈ। ਧਰਤੀ ਹੇਠਲੇ ਪਾਣੀ ਵਿਚ ਝਾਰਖੰਡ, ਉੱਤਰ ਪ੍ਰਦੇਸ, ਆਸਾਮ, ਆਂਧਰਾ ਪ੍ਰਦੇਸ਼, ਮੇਘਾਲਿਆ, ਕਰਨਾਟਕਾ, ਕੇਰਲਾ ਅਤੇ ਤਾਮਿਲਨਾਡੂ ਪਾਣੀ ਦਾ ਪੱਧਰ ਬਹੁਤ ਨੀਵਾਂ ਨਹੀਂ ਹੈ। ਜਦਕਿ ਉੱਤਰੀ ਭਾਰਤ ਦੇ ਕੁਝ ਸੂਬਿਆਂ ਵਿਚ ਧਰਤੀ ਹੇਠਲੇ ਪਾਣੀ ਦੀ ਡੂੰਘਾਈ ਬਹੁਤ ਜ਼ਿਆਦਾ ਹੈ। ਜਿਹਨਾਂ ਵਿਚੋਂ ਪੰਜਾਬ ਵਿਚ ਪਾਣੀ ਦਾ ਪੱਧਰ ਸਭ ਤੋਂ ਨੀਵਾਂ ਹੈ। ਨਵੰਬਰ 2021 ਦੇ ਅਨੁਸਾਰ ਜੇਕਰ ਪਾਣੀ ਦੇ ਪੱਧਰ ਦੀ ਮਿਕਦਾਰ ਦਾ ਫਰਕ ਵੇਖਿਆ ਜਾਵੇ ਤਾਂ ਗੋਆ, ਗੁਜਰਾਤ, ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਪੰਜਾਬ ਅਤੇ ਰਾਜਸਥਾਨ ਵਿਚ ਤਾਂ ਪਾਣੀ ਦਾ ਪੱਧਰ ਹੋਰ ਵੀ ਡੂੰਘਾ ਹੋਇਆ ਹੈ। ਪੰਜਾਬ ਵਿਚ ਪਾਣੀ ਦਾ ਪੱਧਰ ਨੀਵਾਂ ਜਾਣ ਦਾ ਫ਼ਰਕ 4 ਮੀਟਰ ਤੋਂ ਵੀ ਵੱਧ ਡੂੰਘਾ ਦਰਸਾਇਆ ਗਿਆ ਹੈ।
ਪੰਜਾਬ ਦੇ ਵਿਚ ਪਾਣੀ ਦੀ ਵੰਡ:- ਰਿਪੋਰਟ ਦੇ ਵਿਚ ਦੱਸਿਆ ਗਿਆ ਹੈ ਕਿ ਪੰਜਾਬ ਸਭ ਤੋਂ ਛੋਟਾ ਸੂਬਾ ਹੈ। ਜਿਥੇ ਬਿਆਸ, ਰਾਵੀ ਅਤੇ ਸਤਲੁਜ 3 ਦਰਿਆ ਵਹਿੰਦੇ ਹਨ। ਇਸ ਤੋਂ ਇਲਾਵਾ ਘੱਗਰ ਅਜਿਹਾ ਦਰਿਆ ਹੈ, ਜਿਸਦਾ ਉਥਾਨ ਕਦੇ ਹੀ ਵੇਖਣ ਨੂੰ ਮਿਲਦਾ ਹੈ। ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਮੁਲਾਂਕਣ ਬਲਾਕ ਪੱਧਰ ਉੱਤੇ ਕੀਤਾ ਗਿਆ ਹੈ। ਪੰਜਾਬ ਵਿਚ ਸਲਾਨਾ 18.94 ਬੀਸੀਐਮ ਪਾਣੀ ਨਿਕਾਸੀ ਪਾਣੀ ਵਜੋਂ ਵਰਤਿਆ ਜਾਂਦਾ ਹੈ। 17.7 ਬੀਸੀਐਮ ਦੀ ਬੱਚਤ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਹੈ।
ਸਲਾਨਾ 28.2 ਬੀਸੀਐਮ ਗਰਾਊਂਡ ਲੈਵਲ ਐਕਸਟਰੇਸ਼ਨ ਹੈ 165.99 ਪ੍ਰਤੀਸ਼ਤ ਹੈ। ਪੰਜਾਬ ਦੇ ਕੁੱਲ 154 ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦਾ ਅਧਿਐਨ ਕੀਤਾ ਗਿਆ। ਜਿਸਦੇ ਵਿਚ 3 ਬਲਾਕ ਸ਼ਹਿਰੀ ਖੇਤਰਾਂ ਦੇ ਹਨ। 114 ਬਲਾਕਸ ਨੂੰ ਓਵਰ ਐਕਸਪੋਇਡ ਦੀ ਕੈਟਾਗਿਰੀ ਵਿਚ ਰੱਖਿਆ ਗਿਆ ਹੈ। 4 ਬਲਾਕਾਂ ਵਿਚ ਪਾਣੀ ਦੇ ਪੱਧਰ ਦੀ ਸਥਿਤੀ ਗੰਭੀਰ ਹੈ। 15 ਬਲਾਕ ਘੱਟ ਗੰਭੀਰ ਪੱਧਰ ਹੇਠ ਆਉਂਦੇ ਹਨ ਅਤੇ 17 ਬਲਾਕ ਬਿਲਕੁਲ ਸੁਰੱਖਿਅਤ ਹਨ।
ਅੰਕੜਿਆਂ ਅਨੁਸਾਰ ਪੰਜਾਬ ਵਿਚ 50344.68 ਵਰਗ ਕਿਲੋਮੀਟਰ ਖੇਤਰ ਵਿਚ 73.37 ਪ੍ਰਤੀਸ਼ਤ ਪਾਣੀ ਓਵਰ ਐਕਸਪਲੋਇਟ, 1742.88 ਮੀਟਰ ਵਰਗ ਵਿਚ 3.46 ਪ੍ਰਤੀਸ਼ਤ ਪਾਣੀ ਨਾਜ਼ੁਕ ਸਥਿਤੀ ਵਿਚ ਹੈ। 9. 14 ਪ੍ਰਤੀਸ਼ਤ ਪਾਣੀ ਘੱਟ ਗੰਭੀਰ ਹੈ ਅਤੇ 14.03 ਪ੍ਰਤੀਸ਼ਤ ਪਾਣੀ ਸੁਰੱਖਿਅਤ ਹੈ। 2020 ਦੇ ਮੁਕਾਬਲੇ ਪਾਣੀ ਰੀਚਾਰਜ ਰੀਸੋਰਸਿਜ਼ 22.79 ਪ੍ਰਤੀਸ਼ਤ ਤੋਂ ਘੱਟ ਕੇ 18.94 ਪ੍ਰਤੀਸ਼ਤ ਰਹਿ ਗਿਆ ਹੈ। ਪਾਣੀ ਦੇ ਸਰੋਤਾਂ ਵਿਚ ਘਾਟ ਦਾ ਕਾਰਨ ਮੀਂਹ, ਨਹਿਰੀ ਪਾਣੀ ਦੀ ਵਰਤੋਂ ਘੱਟ ਕਰਨਾ, ਛੱਪੜਾਂ ਅਤੇ ਟੈਂਕੀਆਂ ਵਿਚੋਂ ਪਾਣੀ ਦੀ ਨਿਕਾਸੀ ਦੀ ਕਮੀ ਅਤੇ ਸਿੰਚਾਈ ਦਾ ਸਹੀ ਤਰੀਕੇ ਨਾਲ ਨਾ ਹੋਣਾ।
ਇਹ ਵੀ ਪੜੋ:- Armored Vehicle installed in Mohali: ਕੌਮੀ ਇਨਸਾਫ ਮੋਰਚੇ ਵਾਲੀ ਥਾਂ ਉੱਤੇ ਲਗਾਏ ਬੁਲੇਟ ਪਰੂਫ ਟਰੈਕਟਰ