ਚੰਡੀਗੜ੍ਹ: ਪੰਜਾਬ ਵਿੱਚ ਲੋਹੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ। ਇਸ ਤਰ੍ਹਾਂ ਹੀ ਚੰਡੀਗੜ੍ਹ ਦੇ 17 ਸੈਕਟਰ ਵਿੱਚ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਮੌਕੇ ਪੰਜਾਬੀ ਫਿਲਮ ਇੰਡਾਸਟਰੀ ਦੇ ਸਿਤਾਰਿਆਂ ਨੇ ਈਵੀਟੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਸੈਕਟਰ-17 ਵਿੱਚ ਫਿਲਮੀ ਸਿਤਾਰਿਆਂ ਵੱਲੋਂ ਜੋਸ਼ ਨਾਲ ਲੋਹੜੀ ਮਨਾਈ ਜਾ ਰਹੀ ਹੈ।
ਲੋਹੜੀ ਦੇ ਚਾਅ ਵਿਚ ਸਭ ਖੁਸ਼ੀ ਨਾਲ ਖੀਵੇ ਹੋ ਰਹੇ ਹਨ। ਸੱਜ ਧੱਜ ਕੇ ਮੁਟਿਆਰਾਂ ਢੋਲ ਦੀ ਥਾਪ ਨਾਲ ਗਿੱਧਾ ਪਾ ਰਹੀਆਂ ਹਨ। ਚੰਡੀਗੜ੍ਹ ਦੇ ਸੈਕਟਰ 17 ਵਿਚ ਵੀ ਨਜ਼ਾਰਾ ਕੁਝ ਇਸ ਤਰ੍ਹਾ ਹੀ ਵੇਖਣ ਨੂੰ ਮਿਲਿਆ। ਜਿਥੇ ਰੰਗ ਬਿਰੰਗੇ ਕੱਪੜੇ ਪਾ ਕੇ ਮੁਟਿਆਰਾਂ ਗਿੱਧੇ ਵਿਚ ਗੇੜੇ ਦਿੱਤੇ। ਲੱਕੜਾਂ ਦਾ ਅੱਗ ਬਾਲ ਕੇ ਮੁਟਿਆਰਾਂ ਨੇ ਗਿੱਧੇ ਵਿਚ ਬੋਲੀਆਂ ਪਾਈਆਂ। ਲੋਹੜੀ ਦੇ ਗੀਤ ਗਾਏ। ਲੋਹੜੀ ਦੇ ਦਿਹਾੜੇ ਮੌਕੇ ਮੁਟਿਆਰਾਂ ਖੁਸ਼ੀ ਨਾਲ ਖੀਵੀਆਂ ਹੋਈਆਂ ਪਾਈਆਂ ਸਨ। ਉਹਨਾਂ ਦਾ ਚਾਅ ਵੇਖਦਿਆਂ ਹੀ ਬਣਦਾ ਸੀ। ਵੇਖੋ ਲੋਹੜੀ ਮੌਕੇ ਮੁਟਿਆਰਾਂ ਨੇ ਗਿੱਧੇ 'ਚ ਕਿਵੇਂ ਧੁੰਮਾਂ ਪਾਈਆਂ।
ਫਿਲਮ ਸਿਤਾਰੇ ਬਣੇ ਪ੍ਰੋਗਰਾਮ ਦਾ ਹਿੱਸਾ: ਪੰਜਾਬੀ ਫ਼ਿਲਮ ਇੰਡਸਟਰੀ ਦੇ ਸਿਤਾਰੇ ਵੀ ਲੋਹੜੀ ਦੇ ਜਸ਼ਨ ਦਾ ਹਿੱਸਾ ਬਣੇ। ਪੰਜਾਬੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਦਰਸ਼ਨ ਔਲਖ ਅਤੇ ਪੰਜਾਬੀ ਫ਼ਿਲਮ ਅਦਾਕਾਰ ਕੁਲਵਿੰਦਰ ਬਿੱਲਾ ਨਾਲ ਈਟੀਵੀ ਭਾਰਤ ਵੱਲੋਂ ਖਾਸ ਗੱਲਬਾਤ ਕੀਤੀ। ਉਹਨਾਂ ਲੋਹੜੀ ਮੌਕੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ।
ਫਿਲਮੀ ਸਿਤਾਰਿਆਂ ਨਾਲ ਖਾਸ ਗੱਲਬਾਤ: ਈ.ਟੀ.ਵੀ ਭਾਰਤ ਨਾਲ ਗੱਲਬਾਤ ਕਰਦਿਆਂ ਦਰਸ਼ਨ ਔਲਖ ਨੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਉਹਨਾਂ ਦੱਸਿਆ ਕਿ ਉਹ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਕੇ ਅਕਸਰ ਲੋਹੜੀ ਦੀ ਸ਼ੁਰੂਆਤ ਕਰਦੇ ਹਨ। ਕਿਉਂਕਿ ਲੋਹੜੀ ਤੋਂ ਦੂਜੇ ਦਿਨ ਮਾਘੀ ਦਾ ਪਵਿੱਤਰ ਦਿਹਾੜਾ ਹੁੰਦਾ ਹੈ। ਉਹਨਾਂ ਦੱਸਿਆ ਕਿ ਪੰਜਾਬੀ ਤਾਂ ਖਾਸ ਤੌਰ 'ਤੇ ਧੂਮ ਧਾਮ ਨਾਲ ਲੋਹੜੀ ਮਨਾਉਂਦੇ ਹਨ। ਜਦੋਂ ਕਿਸੇ ਦੇ ਘਰ ਬੱਚਾ ਹੁੰਦਾ ਜਾਂ ਨਵਾਂ ਵਿਆਹ ਹੁੰਦਾ ਹੈ ਤਾਂ ਲੋਹੜੀ ਦੀ ਬਹੁਤ ਅਹਿਮੀਅਤ ਹੁੰਦੀ ਹੈ। ਇਹ ਖੁਸ਼ੀਆਂ ਦਾ ਤਿਉਹਾਰ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹੱਸਦਾ ਵੱਸਦਾ ਰਹੇ।
ਦਰਸ਼ਨ ਔਲਖ ਨੇ ਬਚਪਨ ਦੀਆਂ ਯਾਦਾਂ ਕੀਤੀਆਂ ਸਾਂਝਾ: ਹਾਸੇ ਠੱਠੇ ਕਰਦਿਆਂ ਦਰਸ਼ਨ ਔਲਖ ਨੇ ਦੱਸਿਆ ਕਿ ਬਚਪਨ ਵਿਚ ਉਹ ਆਪਣੇ ਸਾਥੀਆਂ ਨਾਲ ਅਕਸਰ ਲੋਹੜੀ ਮੰਗਣ ਜਾਂਦੇ ਸਨ। ਉਹਨਾਂ ਨੇ ਆਪਣੇ ਬਚਪਨ ਵਿਚ ਲੋਹੜੀ ਸਮੇਂ ਬਹੁਤ ਮਸਤੀ ਕੀਤੀ। ਉਹਨਾਂ ਦੱਸਿਆ ਕਿ ਲੋਹੜੀ ਦੇ ਗੀਤ ਗਾਉਂਦਿਆਂ ਹੀ ਉਹਨਾਂ ਨੂੰ ਕਲਾਕਾਰੀ ਦੀ ਲਿਵ ਲੱਗੀ। ਉਹ ਗਾ ਕੇ ਬੜੇ ਉਤਸ਼ਾਹ ਨਾਲ ਲੋਹੜੀ ਮੰਗਦੇ ਹੁੰਦੇ ਸਨ। ਉਹਨਾਂ ਦੱਸਿਆ ਕਿ ਜੋ ਘਰ ਲੋਹੜੀ ਨਹੀਂ ਦਿੰਦਾ ਸੀ ਉਹਨਾਂ ਲਈ 'ਹੁੱਕਾ ਬਈ ਹੁੱਕਾ ਇਹ ਘਰ ਭੁੱਖਾ' ਗੀਤ ਵੀ ਗਾਇਆ ਜਾਂਦਾ ਸੀ। ਉਸ ਸਮੇਂ 5- 10 ਪੈਸਿਆਂ ਦਾ ਵੀ ਬਹੁਤ ਮੁੱਲ ਹੁੰਦਾ ਸੀ। ਉਨ੍ਹਾਂ ਕਿਹਾ ਉਸ ਸਮੇਂ ਲੋਕਾਂ ਦਾ ਦਿਲੋਂ ਪਿਆਰ ਸੀ ਲੋਕ ਭਾਨਾਤਮਕ ਤੌਰ 'ਤੇ ਇਕ ਦੂਜੇ ਨਾਲ ਜੁੜੇ ਹੋਏ ਸਨ। ਉਹਨਾਂ ਆਖਿਆ ਕਿ ਹੁਣ ਲੋਹੜੀ ਮਾਡਰਨ ਹੋ ਗਈ ਹੈ। ਮੋਬਾਈਲ ਫੋਨ ਨੇ ਭਾਵਨਾਵਾਂ ਖ਼ਤਮ ਕਰ ਦਿੱਤੀਆਂ ਹਨ। ਲੋਹੜੀ ਦਾ ਤਿਉਹਾਰ ਪਹਿਲਾਂ ਪਵਿੱਤਰ ਅਤੇ ਨਸ਼ਾ ਰਹਿਤ ਹੁੰਦਾ ਸੀ ਹੁਣ ਸ਼ਰਾਬਾਂ ਅਤੇ ਨਸ਼ਿਆਂ ਨਾਲ ਲੋਕ ਲੋਹੜੀ ਦਾ ਜਸ਼ਨ ਮਨਾਉਂਦੇ ਹਨ। ਹੁਣ ਢੋਲ ਦੀ ਥਾਂ ਵੀ ਡੀਜੇ ਨੇ ਲੈ ਲਈ ਹੈ।
ਕੁਲਵਿੰਦਰ ਬਿੱਲਾ ਨੇ ਆਪਣੀ ਕਾਲਜ ਲਾਇਫ ਨੂੰ ਕੀਤਾ ਯਾਦ : ਪੰਜਾਬੀ ਅਦਾਕਾਰ ਕੁਲਵਿੰਦਰ ਬਿੱਲਾ ਨੇ ਆਪਣੇ ਲੋਹੜੀ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਮਿੱਤਰਾਂ ਨਾਲ ਨੱਚ ਗਾ ਕੇ ਲੋਹੜੀ ਮਨਾਉਂਦੇ ਹੁੰਦੇ ਸਨ। ਹੱਸ ਖੇਡ ਕੇ ਆਈ ਲੋਹੜੀ 'ਤੇ ਹਮੇਸ਼ਾ ਭੰਗੜਾ ਪਾਉਂਦੇ ਸੀ। ਉਹਨਾਂ ਦੱਸਿਆ ਕਿ ਲੋਹੜੀ ਮੌਕੇ ਉਹ ਸਮਾਂ ਉਹਨਾਂ ਨੂੰ ਅਕਸਰ ਯਾਦ ਆਉਂਦਾ ਹੈ ਜਦੋਂ ਲੋਹੜੀ ਮੌਕੇ ਇਕੱਠੇ ਹੋ ਕੇ ਕਾਲਜ ਵਿਚ ਭੰਗੜਾ ਪਾਉਂਦੇ ਸਨ। ਹੌਲੀ ਹੌਲੀ ਉਹਨਾਂ ਦੇ ਦੋਸਤ ਕੰਮਾਂ ਕਾਰਾਂ ਵਿਚ ਵਿਅਸਤ ਹੋ ਗਏ ਅਤੇ ਹੁਣ ਉਹਨਾਂ ਨੂੰ ਸਮਾਂ ਅਕਸਰ ਯਾਦ ਆਉਂਦਾ ਹੈ। ਉਹਨਾਂ ਦੁਆ ਕੀਤੀ ਕਿ ਪ੍ਰਮਾਤਮਾ ਸਭ ਨੂੰ ਚੜਦੀਕਲਾ 'ਚ ਰੱਖੇ ਅਤੇ ਸਰਬੱਤ ਦਾ ਭਲਾ ਹੋਵੇ।
ਸੋ ਹਰ ਕੋਈ ਆਪੋ- ਆਪਣੇ ਢੰਗ ਨਾਲ ਲੋਹੜੀ ਮਨਾ ਰਿਹਾ ਹੈ। ਹਾਲਾਂਕਿ ਸਮੇਂ ਦੇ ਨਾਲ ਲੋਹੜੀ ਮਨਾਉਣ ਦੇ ਤਰੀਕੇ ਜ਼ਰੂਰ ਬਦਲੇ ਪਰ ਪੁਰਾਣੇ ਸਮਿਆਂ ਤੋਂ ਲੋਹੜੀ ਦਾ ਤਿਉਹਾਰ ਮਨਾਉਣ ਦੀ ਰੀਤ ਖ਼ਤਮ ਨਹੀਂ ਹੋਈ।
ਇਹ ਵੀ ਪੜ੍ਹੋ:-Lohri 2023 : ਲੋਹੜੀ ਦਾ ਤਿਉਹਾਰ ਮਨਾਉਣ ਲਈ ਪੰਜਾਬ 'ਚ ਪੁਰਾਤਨ ਦੌਰ ਤੋਂ ਆਧੁਨਿਕ ਦੌਰ ਵਿੱਚ ਆਏ ਕਈ ਬਦਲਾਅ