ਚੰਡੀਗੜ੍ਹ: ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਵਲੋਂ ਆਪਣੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ 'ਚ ਪ੍ਰਾਪਤੀਆਂ ਦੇ ਰਿਪੋਰਟ ਕਾਰਡ ‘ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਹਨ। ਸ਼ਰਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਦਾ ਦਾਅਵਾ ਕਰ ਰਹੇ ਹਨ, ਜਦੋਂਕਿ ਅਸਲੀਅਤ ਬਿਲਕੁਲ ਉਲਟ ਹੈ। ਕਰਜ਼ੇ ਕਾਰਨ ਅੱਜ ਵੀ ਕਿਸਾਨ ਰੋਜ਼ਾਨਾ ਖੁਦਕੁਸ਼ੀਆਂ ਕਰ ਰਹੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਮੁਤਾਬਿਕ 85 ਫ਼ੀਸਦ ਵਾਅਦੇ ਪੂਰੇ ਕੀਤੇ ਹਨ, ਪਰ ਜ਼ਮੀਨੀ ਹਕੀਕਤ ਵਿੱਚ ਅਜਿਹਾ ਕੁਝ ਨਹੀਂ ਹੈ। ਸੂਬੇ ਦੇ ਕਰਮਚਾਰੀ ਕੈਪਟਨ ਸਰਕਾਰ ਖਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ, ਕਾਂਗਰਸ ਸਰਕਾਰ ਉਨ੍ਹਾਂ 'ਤੇ ਤਾਕਤ ਦੀ ਵਰਤੋਂ ਕਰ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਕੈਪਟਨ ਨੇ 2017 ਦੀਆਂ ਚੋਣਾਂ 'ਚ ਵਪਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜੋ ਪੂਰਾ ਨਹੀਂ ਕੀਤਾ ਗਿਆ। ਜਿਸ ਕਾਰਨ ਉਦਯੋਗ ਪੰਜਾਬ ਤੋਂ ਪਰਵਾਸ ਕਰ ਚੁੱਕੇ ਹਨ ਜਾਂ ਕਰ ਰਹੇ ਹਨ। ਕੈਪਟਨ ਨੇ ਪਵਿੱਤਰ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਚਾਰ ਹਫ਼ਤਿਆਂ 'ਚ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ, ਘਰ-ਘਰ ਰੁਜ਼ਗਾਰ, ਵਿਦਿਆਰਥੀਆਂ ਨੂੰ ਮੋਬਾਈਲ ਆਦਿ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ, ਜੋ ਹੁਣ ਤੱਕ ਪੂਰੇ ਨਾ ਹੋਏ। ਕੈਪਟਨ ਸਰਕਾਰ ਮਾਫ਼ੀਆ ਦੇ ਅਧੀਨ ਕੰਮ ਕਰ ਰਹੀ ਹੈ ਅਤੇ ਉਸ ਦੇ ਆਪਣੇ ਮੰਤਰੀ ਮਾਫ਼ੀਆ ਚਲਾ ਰਹੇ ਹਨ। ਕੋਰੋਨਾ ਕਾਲ 'ਚ ਤਾਲਾਬੰਦੀ ਦੌਰਾਨ ਸ਼ਰਾਬ ਮਾਫ਼ੀਆ ਨੇ ਪੁਲਿਸ ਦੇ ਨੱਕ ਹੇਠ ਪੰਜਾਬ ਦੇ ਖਜ਼ਾਨੇ ਨੂੰ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਪਹੁੰਚਾਇਆ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਬਜਟ 'ਚ ਬਹੁਤ ਸਾਰੇ ਲੋਕ-ਲੁਭਾਊ ਵਾਅਦੇ ਕੀਤੇ ਹਨ, ਪਰ ਅਸਲੀਅਤ ਇਹ ਹੈ ਕਿ ਪੰਜਾਬ ‘ਤੇ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਕੋਈ ਵੀ ਉਦਯੋਗਪਤੀ ਪੰਜਾਬ ਵਿਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਬਜਟ 'ਚ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਦੇ ਸੁਨਹਿਰੀ ਸੁਪਨੇ ਦਰਸਾਏ ਗਏ ਹਨ, ਪਰ ਅਸਲ ਵਿੱਚ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਕਾਰਪੋਰੇਸ਼ਨਾਂ ਅਤੇ ਪੰਚਾਇਤਾਂ ਕੋਲ ਫੰਡ ਨਹੀਂ ਹਨ। ਬਜਟ 'ਚ ਪੈਨਸ਼ਨਾਂ ਅਤੇ ਸ਼ਗਨ ਯੋਜਨਾਵਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਜੁਲਾਈ ਤੋਂ ਬਾਅਦ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕੈਪਟਨ ਅਤੇ ਉਸ ਦੇ ਕਾਂਗਰਸੀ ਆਗੂ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾ ਕੇ ਸੂਬੇ ਦੇ ਸ਼ਾਂਤਮਈ ਵਾਤਾਵਰਣ ਨੂੰ ਬਰਬਾਦ ਕਰ ਰਹੇ ਹਨ। ਕਾਂਗਰਸੀ ਆਗੂ ਅਤੇ ਕਾਰਕੁੰਨ ਰੋਜ਼ਾਨਾ ਲੋਕਾਂ ਨੂੰ ਆਪਣੀ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਉਂਦੇ ਹਨ ਅਤੇ ਉਨ੍ਹਾਂ ਦੇ ਸੁਰੱਖਿਅਤ ਸਮਾਜ-ਵਿਰੋਧੀ ਅਨਸਰ ਕਤਲ ਅੰਜਾਮ ਦੇ ਰਹੇ ਹਨ। ਜਦੋਂਕਿ ਕੈਪਟਨ ਦੇ ਅਧੀਨ ਚੱਲਣ ਵਾਲਾ ਪੁਲਿਸ-ਪ੍ਰਸ਼ਾਸਨ ਚੁੱਪ ਰਹਿ ਕੇ ਤਮਾਸ਼ਾ ਦੇਖਦਾ ਰਹਿੰਦਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ 'ਚ ਮਾਫ਼ੀਆ, ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰ ਬੇਲਗਾਮ ਹੋ ਚੁੱਕੇ ਹਨ, ਕੈਪਟਨ ਨੂੰ ਉਨ੍ਹਾਂ ‘ਤੇ ਲਗਾਮ ਲਗਾਉਣੀ ਚਾਹੀਦੀ ਹੈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀ ਗੈਂਗਸਟਰਾਂ ਵਲੋਂ ਜਨਤਕ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ, ਕੀ ਮੁੱਖ ਮੰਤਰੀ ਨੂੰ ਇਹ ਸਭ ਨਹੀਂ ਦਿੱਸਦਾ? ਸ਼ਰਮਾ ਨੇ ਕਿਹਾ ਕਿ ਜਨਤਾ ਹੁਣ ਬਹੁਤ ਸਮਝਦਾਰ ਹੋ ਚੁੱਕੀ ਹੈ ਅਤੇ ਇਸ ਵਾਰ ਉਹ ਕੈਪਟਨ ਦੇ ਝੂਠੇ ਵਾਅਦਿਆਂ ਦੇ ਝਾਂਸੇ 'ਚ ਨਹੀਂ ਆਏਗੀ।
ਇਹ ਵੀ ਪੜ੍ਹੋ:ਪੰਜਾਬ ਕਾਂਗਰਸ ਵਿੱਚ ਹਰੇਕ ਚਾਹੁੰਦਾ ਹੈ ਕਿ ਸਿੱਧੂ ਟੀਮ ਦਾ ਹਿੱਸਾ ਬਣੇ