ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਲੌਕਡਾਊਨ/ਕਰਫਿਊ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਗ਼ਰੀਬ ਤਬਕੇ ਦੇ ਲੋਕਾਂ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਵਿੱਚ ਵੀ ਇਸ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਸਮਾਰਟ ਕਾਰਡ ਯੋਜਨਾ ਤਹਿਤ ਕਣਕ ਅਤੇ ਦਾਲਾਂ ਮੁਫ਼ਤ ਵਿੱਚ ਵੰਡੀਆਂ ਜਾਣਗੀਆਂ। ਸੂਬੇ ਦਾ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਇਸ ਨੂੰ ਲਾਗੂ ਕਰਨ ਵਿੱਚ ਜੁਟਿਆ ਹੋਇਆ ਹੈ ਤਾਂ ਜੋ ਕਰਫ਼ਿਊ ਦੀ ਸਥਿਤੀ ਵਿੱਚ ਉਨ੍ਹਾਂ ਪਰਿਵਾਰਾਂ ਤੱਕ ਕਣਕ ਤੇ ਦਾਲਾਂ ਦੀ ਮੁਫ਼ਤ ਸਪਲਾਈ ਹੋ ਸਕੇ ਜਿਹੜੇ ਕਰਫਿਊ ਕਾਰਨ ਭੁੱਖੇ ਮਰਨ ਦੀ ਕਗਾਰ 'ਤੇ ਪਹੁੰਚ ਚੁੱਕੇ ਹਨ ਜਾਂ ਪਹੁੰਚਣ ਵਾਲੇ ਹਨ।
ਇਸ ਯੋਜਨਾ ਤਹਿਤ ਹਰੇਕ ਵਿਅਕਤੀ ਨੂੰ 5 ਕਿੱਲੋ ਕਣਕ ਅਤੇ ਹਰੇਕ ਪਰਿਵਾਰ ਨੂੰ 1 ਕਿੱਲੋ ਦਾਲ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਗਲੇ ਤਿੰਨ ਮਹੀਨਿਆਂ ਲਈ ਦਿੱਤੀ ਜਾਵੇਗੀ। ਇਸ ਯੋਜਨਾ ਅਧੀਨ ਸੂਬੇ ਵਿੱਚ 1.41 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਲਿਆਂਦਾ ਜਾਵੇਗਾ। ਵੈਸੇ ਕੈਪਟਨ ਸਰਕਾਰ ਹੁਣ ਤੱਕ ਗ਼ਰੀਬ ਤਬਕੇ ਦੇ ਲੋਕਾਂ ਨੂੰ 10 ਲੱਖ ਭੋਜਨ ਦੇ ਪੈਕਟ ਵੰਡ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਚਾਲੂ ਕਰਫਿਊ/ਲੌਕਡਾਊਨ ਕਾਰਨ ਕੋਈ ਵੀ ਵਿਅਕਤੀ ਖਾਸ ਕਰਕੇ ਗ਼ਰੀਬ ਵਿਅਕਤੀ ਭੋਜਨ ਤੋਂ ਬਿਨਾਂ ਨਾ ਸੌਂਵੇ।