ਚੰਡੀਗੜ੍ਹ: ਅੱਜ ਇੱਥੇ, ਵੀਰਵਾਰ ਨੂੰ ਪੰਜਾਬ ਭਵਨ ਵਿਖੇ ਇਕ ਸਾਦੇ, ਪਰ ਪ੍ਰਭਾਵਸ਼ਾਲੀ ਸਾਮਗਮ ਦੌਰਾਨ ਨਿਯੁਕਤੀ ਪੱਤਰ ਸੌਂਪਣ ਸਮੇਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਬਾ ਵਾਸੀਆਂ ਪ੍ਰਤੀ ਇਹ ਵਚਨਬੱਧਤਾ ਹੈ ਕਿ ਸਰਕਾਰ ਸਥਾਨਕ ਪੱਧਰ ਉਤੇ ਹੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ।
ਨਵ-ਨਿਯੁਕਤ ਕਰਮੀਆਂ ਨੂੰ ਵਧਾਈ ਦਿੰਦਿਆਂ ਭੂਮੀ ਤੇ ਜਲ ਸੰਭਾਲ ਮੰਤਰੀ ਨੇ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ, ਕਿਉਂਕਿ ਉਨ੍ਹਾਂ ਵੱਲੋਂ ਕੀਤਾ ਜਾਣ ਵਾਲਾ ਸਰਵੇਖਣ ਦਾ ਕੰਮ ਕਿਸੇ ਵੀ ਉਸਾਰੀ ਕਾਰਜ ਦਾ ਮੂਲ ਆਧਾਰ ਹੈ ਅਤੇ ਜੇ ਕਰ ਉਹ ਸਹੀ ਕੀਤਾ ਹੋਵੇਗਾਤਾਂ ਕੰਮ ਵੀ ਸਹੀ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਵੀ ਪੋਸਟਿੰਗ ਕੀਤੀ ਜਾ ਰਹੀ ਹੈ, ਉੱਥੇ ਉਹ ਤਨਦੇਹੀ ਨਾਲ ਕੰਮ ਕਰਨ।
ਮੀਤ ਹੇਅਰ ਜਿਨ੍ਹਾਂ ਕੋਲ ਜਲ ਸਰੋਤ ਵਿਭਾਗ ਦਾ ਵੀ ਚਾਰਜ ਹੈ, ਨੇ ਅੱਗੇ ਕਿਹਾ ਕਿ ਸਰਕਾਰ ਸੂਬੇ ਦੇ ਕੀਮਤੀ ਜਲ ਸਰੋਤਾਂ ਦੀ ਸੰਭਾਲ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇ ਦੌਰਾਨ ਖਾਸ ਕਰਕੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਕਰਕੇ ਭੂਮੀ ਅਤੇ ਜਲ ਸੰਭਾਲ ਅਤੇ ਜਲ ਸਰੋਤ ਵਿਭਾਗ ਦੀ ਮਹੱਤਤਾ ਬਹੁਤ ਵੱਡੀ ਹੈ ਅਤੇ ਦੋਵਾਂ ਵਿਭਾਗਾਂ ਨੂੰ ਧਰਤੀ ਦੇ ਪਾਣੀ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਅੰਤ ਵਿੱਚ ਉਨ੍ਹਾਂ ਇੱਕ ਵਾਰ ਫਿਰ ਨਵੇਂ ਭਰਤੀ ਹੋਏ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜੀਵਨ ਵਿੱਚ ਇਸ ਨਵੇਂ ਅਧਿਆਏ ਦੀ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਨੌਕਰੀ ਵਿੱਚ ਸਫਲਤਾ ਦੀ ਕਾਮਨਾ ਕੀਤੀ।
ਇਸ ਮੌਕੇ ਬੋਲਦਿਆਂ ਮੁੱਖ ਭੂਮੀ ਪਾਲ ਮਹਿੰਦਰ ਸਿੰਘ ਸੈਣੀ ਨੇ ਵਿਭਾਗੀ ਪਰਿਵਾਰ ਵਿੱਚ ਨਵੇਂ ਭਰਤੀ ਹੋਏ ਨੌਜਵਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਉਣ ਦਾ ਸੱਦਾ ਦਿੱਤਾ। (ਪ੍ਰੈਸ ਨੋਟ)