ਚੰਡੀਗੜ੍ਹ: ਦੁਨੀਆਂ ਭਰ ਵਿੱਚ ਔਰਤਾਂ ਬ੍ਰੈਸਟ ਕੈਂਸਰ ਤੋਂ ਪੀੜਤ ਹਨ ਅਤੇ ਇਸ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਭ ਦੇ ਵਿਚਾਲੇ ਯੂਕੇ ਦੀ ਆਕਸਫੋਰਡ ਯੂਨੀਵਰਸਿਟੀ ਦੀ ਇੱਕ ਰਿਸਰਚ ਨੇ ਬ੍ਰੈਸਟ ਕੈਂਸਰ ਸਬੰਧੀ ਇਕ ਨਵਾਂ ਖੁਲਾਸਾ ਕਰ ਦਿੱਤਾ ਹੈ। ਨਵੀਂ ਰਿਸਰਚ ਮੁਤਾਬਿਕ ਜੋ ਔਰਤਾਂ ਗਰਭ ਨਿਰੋਧਕ ਗੋਲੀਆਂ ਦਾ ਇਸਤੇਮਾਲ ਕਰਦੀਆਂ ਹਨ ਉਹਨਾਂ ਨੂੰ ਬ੍ਰੈਸਟ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ।ਭਾਰਤ ਵਿਚ ਬ੍ਰੈਸਟ ਕੈਂਸਰ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ ਅਤੇ ਹਰ 4 ਮਿੰਟ ਬਾਅਦ ਇਕ ਔਰਤ ਬ੍ਰੈਸਟ ਕੈਂਸਰ ਤੋਂ ਪੀੜਤ ਪਾਈ ਜਾਂਦੀ ਹੈ ਅਤੇ ਹਰ 13 ਮਿੰਟ ਬਾਅਦ ਇੱਕ ਔਰਤ ਦੀ ਬ੍ਰੈਸਟ ਕੈਂਸਰ ਨਾਲ ਮੌਤ ਹੋ ਰਹੀ ਹੈ। ਕੀ ਸਚਮੁੱਚ ਗਰਭ ਨਿਰੋਧਕ ਗੋਲੀਆਂ ਬ੍ਰੈਸਟ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹਨ ਤਾਂ ਮੁਹਾਲੀ ਦੇ ਗਾਇਨੋਕੋਲੋਜਿਸਟ ਡਾਕਟਰ ਪੂਨਮ ਗਰਗ ਨੇ ਆਕਸਫੋਰਡ ਦੀ ਇਸ ਖੋਜ ਦਾ ਸਾਰਾ ਸੱਚ ਬਿਆਨ ਕੀਤਾ।
ਗਰਭ ਨਿਰੋਧਕ ਗੋਲੀਆਂ ਬਣਦੀਆਂ ਹਨ ਬ੍ਰੈਸਟ ਕੈਂਸਰ ਦਾ ਖ਼ਤਰਾ !: ਡਾਕਟਰ ਪੂਨਮ ਗਰਗ ਨੇ ਓਕਸਫੋਰਡ ਦੀ ਇਸ ਰਿਸਚਰ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ ਅਤੇ ਇਸਨੂੰ ਅਧੂਰਾ ਸੱਚ ਦੱਸਿਆ ਹੈ। ਹਰ ਵਾਰ ਬ੍ਰੈਸਟ ਕੈਂਸਰ ਦਾ ਕਾਰਨ ਗਰਭ ਨਿਰੋਧਕ ਗੋਲੀਆਂ ਨਹੀਂ ਬਣ ਸਕਦੀਆਂ। ਕਿਉਂਕਿ ਕੈਂਸਰ ਦਾ ਕੋਈ ਇਕ ਕਾਰਨ ਨਹੀਂ ਹੁੰਦਾ। ਜਦੋਂ ਸਾਡੇ ਸਰੀਰ ਵਿਚ ਕਿਸੇ ਵੀ ਟਿਸ਼ੂ ਦੇ ਸੈੱਲ ਅਨਿਯਮਿਤ ਤਰੀਕੇ ਨਾਲ ਬਣਨ ਲੱਗ ਜਾਣ ਤਾਂ ਫਿਰ ਕੈਂਸਰ ਦੀ ਸਥਿਤੀ ਪੈਦਾ ਹੋ ਸਕਦੀ ਹੈ। ਸੱਚ ਤਾਂ ਇਹ ਹੈ ਕਿ ਕਿਸੇ ਵੀ ਤਰੀਕੇ ਦੇ ਕੈਂਸਰ ਦਾ ਕਾਰਨ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ। ਸਰੀਰ ਦਾ ਕੋਈ ਵੀ ਟਿਸ਼ੂ ਕੈਂਸਰ ਦੇ ਸੈਲ ਬਣਾ ਸਕਦਾ ਹੈ।
ਵਿਗਿਆਨੀ ਕਈ ਖੋਜਾਂ ਕਰ ਰਹੇ ਹਨ: ਕੈਂਸਰ ਦੇ ਕਾਰਨ ਲੱਭਣ ਲਈ ਵਿਗਿਆਨੀ ਕਈ ਤਰ੍ਹਾਂ ਦੀਆਂ ਖੋਜਾਂ ਕਈ ਸਾਲਾਂ ਤੋਂ ਕਰ ਰਹੇ ਹਨ। ਜਿਹਨਾਂ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਪਰ ਇੱਕ ਐਸੋਸੀਏਸ਼ਨ ਦੇ ਜ਼ਰੀਏ ਅੰਦਾਜ਼ੇ ਲਗਾਏ ਜਾ ਰਹੇ ਹਨ। ਯਾਨਿ ਕਿ ਕੈਂਸਰ ਮਰੀਜ਼ਾਂ ਦੀ ਪਰਿਵਾਰਿਕ ਹਿਸਟਰੀ, ਉਹ ਮੋਟੇ ਸਨ ਜਾਂ ਪਤਲੇ, ਉਹਨਾਂ ਦੇ ਬੱਚੇ ਕਿਹੜੀ ਉਮਰ ਵਿਚ ਪੈਦਾ ਹੋਏ, ਜਾਂ ਕੋਈ ਅਜਿਹੀ ਦਵਾਈ ਲਈ ਗਈ ਹੋਵੇ ਜਿਸਦੇ ਕਾਰਨ ਕੈਂਸਰ ਹੋਇਆ ਹੋਵੇ। ਇਸੇ ਤਰ੍ਹਾਂ ਐਸੋਸੀਏਸ਼ਨ ਵਿੱਚ ਪਤਾ ਲੱਗਾ ਕਿ ਜਿਹਨਾਂ ਔਰਤਾਂ ਨੇ ਗਰਭ ਨਿਰੋਧਕ ਦਵਾਈ ਲਈ ਉਹਨਾਂ ਵਿੱਚ ਕੈਂਸਰ ਦਾ ਖਤਰਾ ਸਾਹਮਣੇ ਆਇਆ। 100 ਦੇ ਵਿੱਚੋਂ 1.2 ਮਹਿਲਾਵਾਂ ਨੂੰ ਕੈਂਸਰ ਦਾ ਰਿਸਕ ਸਾਹਮਣੇ ਆਇਆ ਜੋ ਕਿ ਬਹੁਤ ਜ਼ਿਆਦਾ ਨਹੀਂ। ਜਦਕਿ ਜੋ ਔਰਤਾਂ ਗਰਭ ਨਿਰੋਧਕ ਦਵਾਈਆਂ ਨਹੀਂ ਖਾ ਰਹੀਆਂ ਉਹਨਾਂ ਵਿੱਚ 100 ਵਿੱਚੋਂ 1 ਨੂੰ ਬ੍ਰੈਸਟ ਕੈਂਸਰ ਦਾ ਖ਼ਤਰਾ ਸਾਹਮਣੇ ਆਇਆ। ਜਿਸ ਦੇ ਨਤੀਜੇ ਵਜੋਂ ਇਹ ਧਾਰਨਾ ਗਲਤ ਹੈ ਕਿ ਗਰਭ ਨਿਰੋਧਕ ਗੋਲੀਆਂ ਖਾਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧਦਾ ਹੈ। ਅਜਿਹੀਆਂ ਕਈ ਖੋਜਾਂ ਪਿਛਲੇ ਕਈ ਸਾਲਾਂ ਤੋਂ ਚੱਲ ਰਹੀਆਂ ਹਨ।
ਕੈਂਸਰ ਦੇ ਇਹ ਹਨ ਰਿਸਕ ਫੈਕਟਰ: ਜਿਹਨਾਂ ਦੇ ਸਰੀਰ ਵਿਚ ਰੈਕਾ ਨਾਮੀ ਜੀਨ ਹੁੰਦਾ ਹੈ ਉਹਨਾਂ ਔਰਤਾਂ ਨੂੰ ਬ੍ਰੈਸਟ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਬ੍ਰੈਸਟ ਕੈਂਸਰ ਜ਼ਿਆਦਾ ਹੁੰਦਾ ਹੈ। ਪਰਿਵਾਰ ਵਿੱਚ ਕਿਸੇ ਨੂੰ ਕੈਂਸਰ ਰਿਹਾ ਹੋਵੇ ਤਾਂ ਵੀ ਬ੍ਰੈਸਟ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜੇਕਰ ਪੀਰੀਅਡ ਦੀ ਸ਼ੁਰੂਆਤ ਜਲਦੀ ਹੁੰਦੀ ਹੈ ਤਾਂ ਵੀ ਬ੍ਰੈਸਟ ਕੈਂਸਰ ਦਾ ਰਿਸਕ ਹੁੰਦਾ ਹੈ, ਜਿਵੇਂ ਜਿਵੇਂ ਉਮਰ ਵੱਧਦੀ ਹੈ ਓਵੇਂ ਓਵੇਂ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧਦਾ ਹੈ। ਇਹ ਸਾਰੀਆਂ ਚੀਜ਼ਾਂ ਆਪਣੇ ਕੰਟਰੋਲ ਵਿਚ ਨਹੀਂ ਕੁਦਰਤੀ ਹੁੰਦੀਆਂ ਹਨ। ਡਾ. ਪੂਨਮ ਗਰਗ ਨੇ ਸਾਰੀਆਂ ਮਹਿਲਾਵਾਂ ਨੂੰ ਸਲਾਹ ਦਿੱਤੀ ਕਿ ਔਰਤਾਂ ਹਮੇਸ਼ਾ ਰਿਸਕ ਫੈਕਟਰ ਘੱਟ ਕਰਨ 'ਤੇ ਕੰਮ ਕਰਨ। ਇਕ ਚੰਗਾ ਲਾਈਫਸਟਾਈਲ ਅਪਣਾਇਆ ਜਾਵੇ। ਮੋਟਾਪਾ ਵੀ ਇਸਦਾ ਵੱਡਾ ਕਾਰਨ ਹੈ ਜਿਸ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ। ਐਕਸਰਸਾਈਜ਼ ਕਰਕੇ ਵੀ ਰਿਸਕ ਫੈਕਟਰ ਘੱਟ ਕੀਤਾ ਜਾ ਸਕਦਾ ਹੈ। ਪੂਰੀ ਨੀਂਦ ਲਈ ਜਾਵੇ ਖਾਸ ਕਰਕੇ ਰਾਤ ਦੀ ਨੀਂਦ ਪੂਰੀ ਲੈਣੀ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਕਿ ਸਮੇਂ ਸਮੇਂ 'ਤੇ ਜਾ ਕੇ ਆਪਣੀ ਮੈਮੋਗ੍ਰਾਫ਼ੀ ਜਾਂਚ ਕਰਵਾਈ ਜਾਵੇ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨੂੰ ਰਿਸ਼ਵਤ ਲੈਕੇ ਛੱਡਣ ਵਾਲਾ ਏਐੱਸਆਈ ਗ੍ਰਿਫ਼ਤਾਰ, ਇੱਕ ਲੱਖ ਰੁਪਏ ਦੀ ਮੰਗੀ ਸੀ ਰਿਸ਼ਵਤ