ਚੰਡੀਗੜ੍ਹ: ਵਾਤਾਵਰਣ ਨੂੰ ਪਲਾਸਟਿਕ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਸਥਾਨਕ ਸਰਕਾਰ ਨੇ ਇਸ ਦੇ ਨਿਰਮਾਣ, ਭੰਡਾਰਨ, ਵੰਡ, ਮੁੜ ਵਰਤੋਂ, ਵਿਕਰੀ ਅਤੇ ਇਸ ਦੀ ਵਰਤੋਂ ਵਿਰੁੱਧ ਇੱਕ ਵਿਆਪਕ ਮੁਹਿੰਮ ਚਲਾਈ ਹੈ। ਇਸ ਦੀ ਜਾਣਕਾਰੀ ਸਥਾਨਕ ਸਰਕਾਰ ਦੇ ਮੰਤਰੀ ਬ੍ਰਹਮ ਮਹਿੰਦਰਾ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਵਾਤਾਵਰਣ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਕਾਰਨ ਸੀਵਰੇਜ ਅਤੇ ਨਾਲਿਆਂ ਦੇ ਬਲਾਕ ਹੋਣ ਨਾਲ ਚਾਰੇ ਪਾਸੇ ਗੰਦਗੀ ਫੈਲਦੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਵਿਆਪਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਛਾਪੇਮਾਰੀਆਂ ਦੇ ਨਾਲ ਉਤਪਾਦਕਾਂ, ਭੰਡਾਰ ਕਰਨ ਵਾਲਿਆਂ, ਡਿਸਟ੍ਰੀਬਿਊਟਰਜ਼, ਰੀਸਾਈਕਲਰਜ਼, ਵਿਕਰੇਤਾਵਾਂ ਅਤੇ ਪਲਾਸਟਿਕ ਦੇ ਖ਼ਪਤਕਾਰਾਂ ਨੂੰ ਜੁਰਮਾਨੇ ਲਗਾਉਣਾ ਸ਼ਾਮਲ ਹੈ।
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਇਸ ਮੁਹਿੰਮ ਦੀ ਜਿੰਮੇਵਾਰੀ ਸੌਂਪੀ ਗਈ ਹੈ। ਇਸ ਮੁਹਿੰਮ ਅਧੀਨ ਥੋਕ ਵਪਾਰੀਆਂ, ਟ੍ਰਾਂਸਪੋਰਟਰਾਂ ਅਤੇ ਵੱਡੇ ਵਿਕਰੇਤਾਵਾਂ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਛਾਪੇਮਾਰੀਆਂ ਦੌਰਾਨ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਕਰਨ ਵਾਲੇ ਵੱਡੇ ਖ਼ਪਤਕਾਰ ਜਿਵੇਂ ਮਿਠਾਈ ਤੇ ਫਲਾਂ ਦੀਆਂ ਦੁਕਾਨਾਂ ਅਤੇ ਮਾਲਾਂ ਆਦਿ ਨੂੰ ਨਿਸ਼ਾਨੇ 'ਤੇ ਰੱਖਿਆ ਜਾਵੇਗਾ ਅਤੇ ਜ਼ਬਤ ਕੀਤੀ ਗਈ ਸਮੱਗਰੀ ਨੂੰ ਨਸ਼ਟ ਕੀਤੀ ਜਾਵੇਗੀ।
ਇਨ੍ਹਾਂ ਹੀ ਨਹੀਂ, ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਅਜਿਹੀ ਸਮੱਗਰੀ ਦਾ ਨਿਰਮਾਣ ਕਰਨ ਵਾਲੀਆਂ ਫੈਕਟਰੀਆਂ ਬੰਦ ਕੀਤੀਆਂ ਜਾਣਗੀਆਂ। ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਥਾਨਕ ਸਰਕਾਰਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਵਲੋਂ ਸਾਂਝੇ ਤੌਰ 'ਤੇ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਨਾ ਆਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਉਕਤ ਮੁਹਿੰਮ ਵਿੱਚ ਸ਼ਾਮਲ ਕਿਸੇ ਅਧਿਕਾਰੀ 'ਤੇ ਦਬਾਅ ਬਣਾਉਂਦਾ ਹੈ ਤਾਂ ਅਧਿਕਾਰੀ ਉਸ ਸਬੰਧਤ ਵਿਅਕਤੀ ਨੂੰ ਅਜੋਏ ਸ਼ਰਮਾ ਆਈ.ਏ.ਐਸ, ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ ਜਾਂ ਕਾਹਨ ਸਿੰਘ ਪਨੂੰ, ਆਈ.ਏ.ਐਸ., ਮਿਸ਼ਨ ਡਾਇਰੈਕਟਰ, ਤੰਦਰੁਸਤ ਪੰਜਾਬ ਮਿਸ਼ਨ ਤੋਂ ਸਹਾਇਤਾ ਲੈ ਸਕਦੇ ਹਨ।