ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਨੇ ਮੋਹਾਲੀ ਜ਼ਿਲ੍ਹੇ ਦੇ ਵੱਡੇ ਪਿੰਡ ਬਲੌਂਗੀ ਦੀ ਮਹਿਲਾ ਸਰਪੰਚ ਸਰੋਜਾ ਦੇਵੀ ਉਪਰ ਸਥਾਨਕ ਐੱਮਐੱਲਏ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਉੱਪਰ ਝੂਠਾ ਕੇਸ ਦਰਜ ਕਰਨ ਦੀ ਸਖ਼ਤ ਲਫਜਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਸ ਕੇਸ ਨੂੰ ਤੁਰੰਤ ਰੱਦ ਕਰਕੇ ਮਹਿਲਾ ਸਰਪੰਚ ਨੂੰ ਸਾਜਿਸ਼ ਤਹਿਤ ਬਦਲਾਖੋਰੀ ਅਧੀਨ ਝੂਠਾ ਕੇਸ ਦਰਜ ਕਰਨ ਵਾਲੇ ਸਾਰੇ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਦਲਜੀਤ ਸਿੰਘ ਚੀਮਾ ਨੇ ਮਹਿਲਾ ਸਰਪੰਚ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਸਾਹਮਣੇ ਲਿਆਂਦਾ ਅਤੇ ਕੇਸ ਨੂੰ ਝੁਠਲਾਉਂਦਿਆਂ ਸਾਰੇ ਦਸਤਾਵੇਜ਼ ਮੀਡੀਆ ਨਾਲ ਸਾਂਝੇ ਕੀਤੇ।
ਚੀਮਾ ਨੇ ਕਿਹਾ ਕਿ ਉਪਰੋਕਤ ਤੱਥਾਂ ਤੋਂ ਸਪੱਸ਼ਟ ਹੈ ਕਿ ਕਾਂਗਰਸ ਸਰਕਾਰ ਅਤੇ ਇਸ ਦੇ ਮੰਤਰੀ ਬੁਖਲਾਹਟ ਵਿੱਚ ਆ ਕੇ ਵਿਰੋਧੀ ਪਾਰਟੀਆਂ ਦੇ ਸਰਪੰਚਾਂ ਨੂੰ ਨਜਾਇਜ਼ ਤੰਗ ਅਤੇ ਪ੍ਰੇਸ਼ਾਨ ਕਰ ਰਹੇ ਹਨ। ਇੱਥੋਂ ਤੱਕ ਕਿ ਔਰਤ ਸਰਪੰਚਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ।
ਇਹ ਵੀ ਪੜ੍ਹੋ : ਕਰਤਾਰਪੁਰ ਲਾਂਘਾ: ਭਲਕੇ ਦੀ ਮੀਟਿੰਗ ਤੋਂ ਐੱਸਜੀਪੀਸੀ ਨੂੰ ਉਮੀਦਾਂ!
ਉਨ੍ਹਾਂ ਕਿਹਾ ਕਿ ਅਗਰ ਇੱਕ ਹਫ਼ਤੇ ਦੇ ਅੰਦਰ-ਅੰਦਰ ਸ਼੍ਰੀਮਤੀ ਸਰੋਜਾ ਦੇਵੀ ਵਿਰੁੱਧ ਝੂਠਾ ਕੇਸ ਰੱਦ ਕਰਕੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਵੱਲੋਂ ਅਗਲਾ ਪ੍ਰੋਗਰਾਮ ਐਲਾਨਿਆ ਜਾਵੇਗਾ।