ਚੰਡੀਗੜ੍ਹ: ਪੰਜਾਬ ਭਾਜਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਮਰ ਕਸਣੀ ਸ਼ੁਰੂ ਕਰ ਦਿੱਤੀ ਹੈ। ਜ਼ਹਿਰੀਲੀ ਸ਼ਰਾਬ ਦੇ ਮੁੱਦੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਸਮੁੱਚੀ ਪੰਜਾਬ ਭਾਜਪਾ ਦੀ ਲੀਡਰਸ਼ਿਪ ਸੜਕਾਂ ਉੱਤੇ ਉੱਤਰੀ।
ਤੁਹਾਨੂੰ ਦੱਸ ਦਈਏ ਕਿ ਭਾਜਪਾ ਵੱਲੋਂ ਗਲ ਵਿੱਚ ਢੋਲ, ਕਾਲੀਆਂ ਪੱਟੀਆਂ ਬੰਨ੍ਹ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਭਾਜਪਾ ਆਗੂਆਂ ਦੀ ਸੈਕਟਰ-17 ਵਿੱਚ ਪੁਲਿਸ ਨਾਲ ਝੜਪ ਹੋਈ ਤੇ ਉੱਥੇ ਹੀ ਬੈਰੀਗੇਟ ਤੋੜ ਕੇ ਭਾਜਪਾ ਆਗੂ ਅੱਗੇ ਵਧੇ। ਇਸ ਮੌਕੇ ਕਈ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ।
ਪ੍ਰਦਰਸ਼ਨ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਲੀਡਰ ਮਦਨ ਮੋਹਨ ਮਿੱਤਲ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਕਿਉਂਕਿ ਉਨ੍ਹਾਂ ਨੂੰ ਕੈਪਟਨ ਦੀ ਜਾਂਚ ਉੱਤੇ ਭਰੋਸਾ ਨਹੀਂ ਹੈ।
ਮਿੱਤਲ ਨੇ ਵੀ ਕਿਹਾ ਕਿ ਪੰਜਾਬ ਪੁਲਿਸ ਉੱਤੇ ਦਬਾਅ ਬਣਾਇਆ ਹੋਇਆ ਜਿਸ ਕਾਰਨ ਕੋਈ ਨਿਰਪੱਖ ਜਾਂਚ ਨਹੀਂ ਹੋ ਰਹੀ ਅਤੇ ਸਰਕਾਰ ਜੇ ਸਹੀ ਹੈ ਤਾਂ ਆਪਣੀ ਪਾਰਟੀ ਦੀ ਕ੍ਰੈਡੀਬਿਲਟੀ ਬਣਾਉਣ ਲਈ ਜਾਂਚ ਸੀਬੀਆਈ ਨੂੰ ਦੇ ਦਿੱਤੀ ਜਾਵੇ।
ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜੇ ਕੈਪਟਨ ਦੀ ਨੀਅਤ ਸਾਫ਼ ਹੈ ਤਾਂ ਸੀਬੀਆਈ ਦੀ ਜਾਂਚ ਕਰਵਾਏ ਅਤੇ ਇਸ ਕਾਰਨ ਕੁੰਭਕਰਨੀ ਸਰਕਾਰ ਨੂੰ ਜਗਾਉਣ ਲਈ ਉਹ ਢੋਲ ਵਜਾ ਕੇ ਪ੍ਰਦਰਸ਼ਨ ਕਰ ਰਹੇ ਹਨ।
ਸਿਰਫ ਜ਼ਹਿਰੀਲੀ ਸ਼ਰਾਬ ਦਾ ਮੁੱਦਾ ਹੀ ਨਹੀਂ ਹਰ ਇੱਕ ਸੰਥੈਟਿਕ ਅਤੇ ਹੋਰਨਾਂ ਨਸ਼ਿਆਂ ਵਿਰੁੱਧ ਭਾਜਪਾ ਮੋਰਚਾ ਖੋਲ੍ਹੇਗੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਉੱਤੇ ਲਗਾਉਣ ਵਾਲਿਆਂ ਵਿਰੁੱਧ ਸਾਡਾ ਸਟੈਂਡ ਸਾਫ਼ ਹੈ।