ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਇੱਕ ਵਾਰ ਫ਼ਿਰ ਤੋਂ ਹਮਲਾ ਬੋਲਿਆ ਹੈ। ਉਨ੍ਹਾਂ ਕੈਬਨਿਟ ਪੱਧਰ ਦੇ ਰੁਤਬੇ ਰਿਉੜੀਆਂ ਵਾਂਗ ਵੰਡੇ ਜਾਣ 'ਤੇ ਕੈਪਟਨ ਦਾ ਸਖ਼ਤ ਵਿਰੋਧ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਆਪਣੀ ਕੁਰਸੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਮੰਤਰੀ ਪੱਧਰ ਦੇ ਰੁਤਬੇ ਵੰਡਣ ‘ਚ ਮਸਰੂਫ਼ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੇ ਇਹ ਸਿਆਸੀ ਦਾਅ ਜਿੱਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ, ਉੱਥੇ ਹੀ ਪੰਜਾਬ ਦੇ ਖ਼ਜ਼ਾਨੇ ਦੀਆਂ ਵੀ ਫੱਕੀਆਂ ਉਡਾ ਰਹੇ ਹਨ।
ਵੇਰਕਾ ਨੂੰ ਕੈਬਿਨਟ ਦਾ ਦਰਜਾ ਸਿੱਧੂ ਨੂੰ ਨੀਵਾਂ ਕਰਨ ਲਈ ਦਿੱਤਾ: ਸੋਹਣ ਸਿੰਘ ਠੰਡਲ
ਭਗਵੰਤ ਮਾਨ ਨੇ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦਾ ਰੁਤਬਾ ਦੇ ਕੇ ਕੈਪਟਨ ਨੇ ਦਿਖਾ ਦਿੱਤਾ ਹੈ ਕਿ ਕਾਂਗਰਸ ਅੰਦਰ ਸਭ ਕੁੱਝ ਠੀਕ ਨਾ ਹੋਣ ਕਰ ਕੇ ਵਿਧਾਇਕਾਂ ਅਤੇ ਆਗੂਆਂ ਨੂੰ ਕਿਸ ਤਰ੍ਹਾਂ ਦੇ ਲਾਲਚ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਪਣੀ ਓ.ਐਸ.ਡੀ. ਫ਼ੌਜ ਦੀ ਗਿਣਤੀ ਇੱਕ ਦਰਜਨ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਦੇ ਲਾਮ ਲਸ਼ਕਰ ਦਾ ਬੋਝ ਪੰਜਾਬ ਦੇ ਖ਼ਜ਼ਾਨੇ ਰਾਹੀਂ ਜਨਤਾ ਝੱਲ ਰਹੀ ਹੈ।