ਫਰੀਦਕੋਟ : ਬਹਿਬਲ ਕਲਾਂ ਇਨਸਾਫ ਮੋਰਚੇ ਦੇ ਐਲਾਨ ਮੁਤਾਬਿਕ ਨੈਸ਼ਨਲ ਹਾਈਵੇ-54 ਨੂੰ ਪੱਕੇ ਤੌਰ ਬੰਦ ਕਰ ਦਿੱਤਾ ਗਿਆ ਹੈ। ਬਾਅਦ ਦੁਪਿਹਰ ਸਟੇਜ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਦੋਵੇਂ ਪਾਸਿਆਂ ਦੀ ਸੜਕ ਬੰਦ ਰਹੇਗੀ। ਸਵੇਰੇ ਪ੍ਰਦਰਸ਼ਨਕਾਰੀਆਂ ਵੱਲੋਂ ਜਾਮ ਲਗਾਉਣ ਲਈ ਇਕ ਸਾਈਡ ਉੱਤੇ ਟੈਂਟ ਸਿਰਫ ਲਗਾਇਆ ਗਿਆ ਸੀ। ਦੁਪਹਿਰ ਕਰੀਬ 12 ਵਜੇ ਐਲਾਨ ਸੀ ਕਿ ਕੌਮੀ ਮਾਰਗ ਬੰਦ ਕੀਤਾ ਜਾਵੇਗਾ ਤੇ ਇਸ ਫੈਸਲੇ ਨੂੰ ਦੁਪਹਿਰ ਤੋਂ ਬਾਅਦ ਲਾਗੂ ਕਰ ਦਿੱਤਾ ਗਿਆ। ਮੋਰਚੇ ਦਾ ਇਹ ਵੀ ਐਲਾਨ ਹੈ ਕਿ ਹੁਣ ਸਰਕਾਰ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਹੋਵੇਗਾ।
ਸਰਕਾਰ ਦੇ ਭਰੋਸੇ ਮਗਰੋਂ ਪਹਿਲਾਂ ਚੁੱਕਿਆ ਸੀ ਮੋਰਚਾ : ਇਹ ਵੀ ਯਾਦ ਰਹੇ ਕਿ ਪਹਿਲਾਂ ਵੀ ਸੰਗਤ ਨੇ ਨੈਸ਼ਨਲ ਹਾਈਵੇ ਮੁਕੰਮਲ ਜਾਮ ਕੀਤਾ ਸੀ, ਪਰ ਖਰਾਬ ਮੌਸਮ ਤੇ ਸਰਕਾਰ ਦੇ ਭਰੋਸੇ ਮਗਰੋਂ ਇਹ ਮੋਰਚਾ ਚੁੱਕ ਲਿਆ ਗਿਆ ਸੀ। ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਹੈ ਕਿ ਸਾਨੂੰ ਸਰਕਾਰ ਦੇ ਇਥੇ ਆਉਣ ਨਾਲ ਕੋਈ ਮਤਲਬ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਬਿਨ੍ਹਾਂ ਦੇਰੀ ਇਸ ਮਸਲੇ ਦਾ ਹੱਲ ਕਰੇ।
ਇਹ ਵੀ ਪੜ੍ਹੋ : Sangrur News: ਖੇਤਾਂ 'ਚ ਬੱਚੇ ਦੀ ਬੇਰਹਿਮੀ ਨਾਲ ਬੱਚੇ ਦੀ ਕੁੱਟਮਾਰ ਕਰਨ ਵਾਲਾ ਕਿਸਾਨ ਕਾਬੂ, SCST ਐਕਟ ਤਹਿਤ ਮਾਮਲਾ ਦਰਜ
ਸਰਕਾਰਾਂ ਬਦਲੀਆਂ ਨਹੀਂ ਮਿਲਿਆ ਇਨਸਾਫ਼ : ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਸਾਡਾ ਮੋਰਚਾ ਅਣਮਿੱਥੇ ਸਮੇਂ ਲਈ ਲਾਇਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਕਈ ਸਰਕਾਰਾਂ ਬਦਲ ਗਈਆਂ ਹਨ, ਪਰ ਇਨਸਾਫ ਕਿਸੇ ਕੋਲੋਂ ਨਹੀਂ ਮਿਲਿਆ ਹੈ। ਸੁਖਰਾਜ ਨੇ ਕਿਹਾ ਕਿ ਸਰਕਾਰਾਂ ਹਮੇਸ਼ਾ ਇਹੋ ਗੱਲ ਕਰਦੀਆਂ ਹਨ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਜ਼ਮੀਨੀ ਪੱਧਰ ਉਤੇ ਕੋਈ ਕਾਰਵਾਈ ਨਹੀਂ ਹੁੰਦੀ। ਸੁਖਰਾਜ ਨੇ ਆਮ ਆਮੀ ਪਾਰਟੀ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਇਨਸਾਫ ਮਿਲੇਗਾ ਪਰ ਇਸ ਤਰ੍ਹਾਂ ਦਾ ਕੁੱਝ ਨਹੀਂ ਹੋਇਆ।
ਸਰਕਾਰ ਨੂੰ ਕੀਤੀ ਸੀ ਅਪੀਲ : ਉਨ੍ਹਾਂ ਕਿਹਾ ਕਿ ਅਸੀਂ ਪ੍ਰੈੱਸ ਕਾਨਫਰੰਸ ਰਾਹੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਜੇਕਰ ਸਾਨੂੰ ਕੋਈ ਇਨਸਾਫ ਮਿਲਦਾ ਹੈ ਤਾਂ ਠੀਕ ਨਹੀਂ ਤਾਂ ਅਸੀਂ 5 ਫਰਵਰੀ ਨੂੰ ਪੱਕਾ ਮੋਰਚਾ ਲਾਵਾਂਗੇ। ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਸਾਨੂੰ ਆ ਕੇ ਹਦਾਇਤ ਕਰ ਕੇ ਅੱਧਾ ਰਸਤਾ ਦੇਣ ਦੀ ਗੱਲ ਕਹੇ, ਜੇਕਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੋਰਚੇ ਵਿਚ ਆਉਂਦਾ ਹੈ ਤਾਂ ਸਾਡੇ ਮਸਲੇ ਦਾ ਹੱਲ ਲੈ ਕੇ ਆਵੇ।
ਏ.ਡੀ.ਜੀ.ਪੀ ਨੇ ਕੀਤਾ ਬਿਆਨ ਜਾਰੀ: ਦੂਜੇ ਪਾਸੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ 'ਤੇ ਪਹੁੰਚਣ ਉਪਰੰਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏ.ਡੀ.ਜੀ.ਪੀ. ਐਲ.ਕੇ. ਯਾਦਵ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਕੋਲ ਇਸ ਮਾਮਲੇ ਸਬੰਧੀ ਕੋਈ ਹੋਰ ਜਾਣਕਾਰੀ ਹੈ। ਉਹ ਨਿੱਜੀ ਤੌਰ 'ਤੇ 10 ਫਰਵਰੀ ਜਾਂ 14 ਫਰਵਰੀ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਪੁਲਿਸ ਹੈੱਡਕੁਆਰਟਰ ਉਨ੍ਹਾਂ ਨੂੰ ਮਿਲ ਕੇ ਸਾਂਝੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਦੀ ਘਟਨਾ 14 ਅਕਤੂਬਰ, 2015 ਨੂੰ ਵਾਪਰੀ ਸੀ। ਉਨ੍ਹਾਂ ਕਿਹਾ ਕਿ ਲੋਕ ਇਸ ਸਬੰਧੀ ਵਟਸਐਪ ਨੰਬਰ 9875983237 'ਤੇ ਮੈਸੇਜ ਭੇਜ ਕੇ ਜਾਂ ਆਈ.ਡੀ. newsit2021kotkapuracase@gmail.com 'ਤੇ ਈਮੇਲ ਕਰਕੇ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ।