ਚੰਡੀਗੜ੍ਹ: ਭਾਜਪਾ ਦੇ ਨਵੇਂ ਬਣੇ ਪ੍ਰਧਾਨ ਅਰੁਣ ਸੂਦ ਨੇ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਸਾਂਭ ਲਈ ਹੈ। ਸੈਕਟਰ 33 'ਚ ਬੀਜੇਪੀ ਦਫ਼ਤਰ ਪਹੁੰਚੇ ਅਰੁਣ ਸੂਦ ਦਾ ਚੰਡੀਗੜ੍ਹ ਦੇ ਭਾਜਪਾ ਅਤੇ ਅਕਾਲੀ ਦਲ ਦੇ ਸਾਰੇ ਵਰਕਰਾਂ ਫੁੱਲ ਅਤੇ ਬੁੱਕੇ ਦੇ ਕੇ ਸਵਾਗਤ ਕੀਤਾ । ਅਰੁਣ ਸੂਦ ਨੇ ਪਹਿਲੇ ਦਿਨ ਆਪਣਾ ਆਫਿਸ ਜੁਆਇਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਉਂਦੇ ਹੋਏ ਇਸ ਅਹੁਦੇ 'ਤੇ ਖਰੇ ਉਤਰਨਗੇ ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਇੱਕ ਸਾਫ਼-ਸੁਥਰਾ ਸ਼ਹਿਰ ਹੈ। ਇਥੇ ਚਾਰੇ ਪਾਸੇ ਹਰਿਆਲੀ ਹੈ ਪਰ ਇਸ ਸਭ ਦੇ ਬਾਵਜੂਦ ਚੰਡੀਗੜ੍ਹ ਦੇ ਵਿੱਚ ਬਹੁਤ ਸੁਧਾਰ ਦੀ ਜ਼ਰੂਰਤ ਹੈ। ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਏ ਜਾਂ ਪਾਰਕਾਂ ਦੀ ਸਮੱਸਿਆ ਤੋਂ ਲੈ ਕੇ ਸਟ੍ਰੀਟ ਲਾਈਟ ਨੂੰ ਐਲਈਡੀ ਦੇ ਵਿੱਚ ਕਨਵਰਟ ਕਰਨਾ ਦਾ ਮਸਲਾ ਹੋਵੇ। ਉਹ ਹਰ ਸਮੱਸਿਆ 'ਤੇ ਕੰਮ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਟ੍ਰਿਬਿਊਨ ਫਲਾਈ ਓਵਰ 'ਤੇ ਵੀ ਕੰਮ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਅਹਿਜੀਆਂ ਸੈਂਟਰ ਦੀ ਸਕੀਮਾਂ ਹਨ ਜੋ ਚੰਡੀਗੜ੍ਹ ਦੇ ਵਿੱਚ ਲਾਗੂ ਨਹੀਂ ਹੋ ਸਕੀਆਂ ਹਨ ਉਨ੍ਹਾਂ ਨੂੰ ਵੀ ਲਾਗੂ ਕੀਤਾ ਜਾਵੇਗਾ।
ਇਸ ਮੌਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਪੰਦਰਾਂ ਸਾਲ ਕਾਂਗਰਸ ਦੇ ਮੇਅਰ ਕਾਰਪੋਰੇਸ਼ਨ ਦੇ ਵਿੱਚ ਰਹੇ, ਪੰਦਰਾਂ ਸਾਲਾਂ ਦੇ ਵਿੱਚ ਕੋਈ ਵੀ ਵਿਕਾਸ ਦੀ ਗੱਲ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਦੱਸਿਆ ਕਿ ਸਿਰਫ਼ ਪਾਣੀ ਦੇ ਬਿੱਲਾਂ ਦੇ ਉੱਪਰ ਹੀ ਕਾਰਪੋਰੇਸ਼ਨ ਨੂੰ ਹਰ ਸਾਲ ਸੌ ਕਰੋੜ ਰੁਪਏ ਦਾ ਘਾਟਾ ਹੁੰਦਾ ਹੈ। ਸੋ ਕਰੋੜ ਰੁਪਏ ਕਾਰਪੋਰੇਸ਼ਨ ਹਰ ਸਾਲ ਪਾਣੀ 'ਤੇ ਸਬਸਿਡੀ ਦਿੰਦੀ ਹੈ। ਅੱਗੇ ਉਨ੍ਹਾਂ ਦੱਸਿਆ ਕਿ ਕਾਂਗਰਸ ਕਹਿੰਦੀ ਹੈ ਕਿ ਪੰਦਰਾਂ ਸਾਲਾਂ ਦੇ ਵਿੱਚ ਉਨ੍ਹਾਂ ਨੇ ਕਿਸੇ ਵੀ ਚੀਜ਼ ਦੇ ਰੇਟ ਨਹੀਂ ਵਧਾਏ ਪਰ ਮੈਂ ਸਮਝਦਾ ਹਾਂ ਇਹ ਸ਼ਹਿਰ ਵਾਸੀਆਂ ਦੇ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਸ਼ਨ ਇਕ ਨਾਨ ਪ੍ਰੋਫਿਟ ਸੰਸਥਾ ਹੋਣੀ ਚਾਹੀਦੀ ਹੈ। ਕਾਰਪੋਰੇਸ਼ਨ ਘਾਟੇ ਦੇ ਵਿੱਚ ਹੀ ਜਾਂਦੀ ਰਹੇਗੀ ਤਾਂ ਉਹਦਾ ਕੋਈ ਵਜੂਦ ਹੀ ਨਹੀਂ ਰਹਿਣਾ।