ਚੰਡੀਗੜ੍ਹ: ਦੇਸ਼ ਦੀ ਆਜ਼ਾਦੀ ਦੀ ਪਹਿਲਾਂ ਚੱਲੇ ਲੰਬੇ ਸੰਘਰਸ਼ ਤੋਂ ਲੈ ਕੇ ਆਜ਼ਾਦ ਮੁਲਕ ਵਿੱਚ ਦੇਸ਼ ਦੀ ਸੁਰੱਖਿਆ ਲਈ ਭਾਰਤੀ ਰੱਖਿਆ ਸੇਵਾਵਾਂ ਵੱਲੋਂ ਕੀਤੀਆਂ ਕੁਰਬਾਨੀਆਂ ਵਿੱਚ ਪੰਜਾਬੀਆਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ। ਹਰ ਪੰਜਾਬੀ ਨੂੰ ਭਾਰਤੀ ਸੈਨਾ ਦੇ ਗੌਰਵਮਈ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਮਾਂ ਬੋਲੀ ਵਿੱਚ ਫੌਜੀ ਸਾਹਿਤ ਲਿਖਣਾ ਸਮੇਂ ਦੀ ਵੱਡੀ ਲੋੜ ਹੈ।
ਇਹ ਗੱਲ ਕਰਨਲ ਬੀ.ਐਸ. ਸਰਾਂ ਨੇ ਸ਼ੁੱਕਰਵਾਰ ਨੂੰ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ-2019 ਦੇ ਪਹਿਲੇ ਦਿਨ ਪੁਸਤਕ ਚਰਚਾ ਸੈਸ਼ਨ ਦੌਰਾਨ ਕਹੀ। ਇਸ ਸੈਸ਼ਨ ਦੌਰਾਨ ਕਰਨਲ ਸਰਾਂ ਵੱਲੋਂ ਫੌਜ ਦੀ ਸੂਰਮਗਤੀ 'ਤੇ ਪੰਜਾਬੀ ਵਿੱਚ ਲਿਖੀਆਂ 2 ਪੁਸਤਕਾਂ 'ਭਾਰਤੀ ਫੌਜ ਦੀਆਂ ਚੋਣਵੀਆਂ ਲੜਾਈਆਂ' ਤੇ 'ਪਹਿਲਾ ਭਾਰਤ-ਪਾਕਿਸਤਾਨ ਯੁੱਧ; 1947-48 ਅਪ੍ਰੇਸ਼ਨ ਰੈਸਕਿਊ (ਜੰਮੂ ਕਸ਼ਮੀਰ) ਬਾਰੇ ਉਘੇ ਪੱਤਰਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਚਰਚਾ ਕੀਤੀ।
ਕਰਨਲ ਸਰਾਂ ਬਾਰੇ ਜਾਣ-ਪਛਾਣ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਤਿੰਨ ਜੰਗਾਂ 1965, 1971 ਤੇ ਸਿਆਚਿਨ ਦੀ ਪਹਿਲੀ ਮੁਹਿੰਮ ਵਿੱਚ ਹਿੱਸਾ ਲਿਆ ਜਿਸ ਕਾਰਨ ਉਨ੍ਹਾਂ ਕੋਲ ਫੌਜ ਦੀਆਂ ਲੜਾਈਆਂ ਬਾਰੇ ਲਿਖਣ ਦਾ ਨਿੱਜੀ ਤਜ਼ਰਬਾ ਵੀ ਸੀ। ਤੇਜ ਨੇ ਸ਼ੁਰੂਆਤੀ ਸ਼ਬਦ ਬੋਲਦਿਆਂ ਕਿਹਾ ਕਿ ਫੌਜ ਬਾਰੇ ਪੰਜਾਬੀ ਵਿੱਚ ਬਹੁਤ ਘੱਟ ਸਾਹਿਤ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਪੰਜਾਬੀ ਵਿੱਚ ਲਿਖੇ ਫੌਜੀ ਸਾਹਿਤ ਨੂੰ ਚਰਚਾ ਵਿੱਚ ਸ਼ਾਮਲ ਕਰਨਾ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਹੋਰਨਾਂ ਲੇਖਕਾਂ ਨੂੰ ਫੌਜ ਬਾਰੇ ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ਮਿਲੇਗੀ।
ਤੇਜ ਨੇ ਕੁਝ ਹਵਾਲੇ ਦਿੰਦੇ ਦੱਸਿਆ ਕਿ ਇਸ ਤੋਂ ਪਹਿਲਾਂ ਬ੍ਰਿਗੇਡੀਅਰ ਨਰਿੰਦਰ ਪਾਲ ਸਿੰਘ ਵੱਲੋਂ ਤਿੰਨ ਨਾਵਲਾਂ ਦੀ ਲੜੀ ਲਿਖੀ। ਕਰਨਲ ਜਸਬੀਰ ਭੁੱਲਰ ਨੇ ਭਾਵੇਂ ਉਚ ਕੋਟੀ ਦਾ ਸਾਹਿਤ ਲਿਖਿਆ ਪਰ ਸੈਨਾ ਬਾਰੇ ਘੱਟ ਲਿਖਿਆ। ਮੋਹਨ ਕਾਹਲੋਂ ਵੱਲੋਂ ਦੂਜੀ ਵਿਸ਼ਵ ਜੰਗ ਬਾਰੇ 'ਵਹਿ ਗਏ ਪਾਣੀ' ਲਿਖਿਆ ਗਿਆ ਜੋ ਕਿ ਪ੍ਰੇਮ ਕਹਾਣੀ ਵੱਧ ਸੀ। ਅਜਮੇਰ ਮਾਨ ਨੇ ਫੌਜੀ ਕਹਾਣੀਆਂ ਲਿਖੀਆਂ। ਪ੍ਰੋ.ਰਣਜੀਤ ਸਿੰਘ ਦਿੱਲੀ ਨੇ ਵੀ ਕਹਾਣੀਆਂ ਲਿਖੀਆਂ। ਉਨ੍ਹਾਂ ਕਰਨਲ ਸਰਾਂ ਦੇ ਇਸ ਉਦਮ ਦੀ ਸਰਾਹਨਾ ਕੀਤੀ ਜੋ ਪੰਜਾਬੀ ਪਾਠਕਾਂ ਲਈ ਸੁਗਾਤ ਹੈ।
ਕਰਨਲ ਸਰਾਂ ਨੇ ਕਿਹਾ ਕਿ ਉਨ੍ਹਾਂ ਦੇ ਮਨ ਵਿੱਚ ਇਸ ਗੱਲ ਦੀ ਚੀਸ ਸੀ ਕਿ ਸਥਾਨਕ ਭਾਸ਼ਾਵਾਂ ਵਿੱਚ ਫੌਜੀ ਸਾਹਿਤ ਦੀ ਘਾਟ ਹੈ ਜਿਸ ਲਈ ਉਨ੍ਹਾਂ ਪੰਜਾਬੀ ਵਿੱਚ ਲਿਖਣ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਦਿਲ ਦੇ ਜਜ਼ਬਾਤ ਮਾਂ ਬੋਲੀ ਵਿੱਚ ਹੀ ਬਿਆਨ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਹਿਤ ਵਾਲਾ ਉਨ੍ਹਾਂ ਦਾ ਵਿਦਿਆਰਥੀ ਜੀਵਨ ਤੋਂ ਹੀ ਝੁਕਾਅ ਸੀ ਅਤੇ ਸੈਨਿਕ ਜੀਵਨ ਦੌਰਾਨ ਉਨ੍ਹਾਂ ਨੇ ਸਾਹਿਤ ਪੜ੍ਹਨਾ ਨਹੀਂ ਛੱਡਿਆ।