ਚੰਡੀਗੜ੍ਹ: ਅਜਨਾਲਾ ਕਾਂਡ ਤੋਂ ਬਾਅਦ ਪੂਰੇ ਦੇਸ਼ ਦੀਆਂ ਸੁਰਖੀਆਂ ਵਿੱਚ ਆਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉੱਤੇ ਜਾਨਲੇਵਾ ਹਮਲਾ ਹੋ ਸਕਦਾ ਹੈ। ਸੂਤਰਾਂ ਮੁਤਾਬਿਕ ਪੰਜਾਬ ਪੁਲਿਸ ਨੂੰ ਏਜੰਸੀਆਂ ਰਾਹੀਂ ਗੁਪਤ ਜਾਣਕਾਰੀ ਮਿਲੀ ਹੈ ਕਿ ਦੇਸ਼ ਅੰਦਰ ਮਾਹੌਲ ਨੂੰ ਭੜਕਾਉਣ ਲਈ ਅੰਮ੍ਰਿਤਪਾਲ ਸਿੰਘ ਉੱਤੇ ਹਮਲਾ ਕਰਨ ਦੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਨੇ। ਦੱਸ ਦਈਏ ਅੰਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਸੁਰੱਖਿਆ ਘੇਰੇ ਵਿੱਚ ਚਲਦਾ ਹੈ ਪੁਰ ਹੁਣ ਪੁਲਿਸ ਵੀ ਉਸ ਦੀ ਸੁਰੱਖਿਆ ਲਈ ਪੱਬਾਂ ਭਾਰ ਹੋ ਗਈ ਹੈ। ਹਾਲਾਂਕਿ ਈਟੀਵੀ ਭਾਰਤ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।
ਅੰਮ੍ਰਿਤਪਾਲ ਦੀ ਭਿੰਡਰਾਂਵਾਲਾ ਨਾਲ ਤੁਲਨਾ: ਦੱਸ ਦਈਏ ਅੰਮ੍ਰਿਤਪਾਲ ਦੇ ਬਾਣੇ ਅਤੇ ਉਨ੍ਹਾਂ ਦੀ ਵਿਚਾਰਧਾਰਾ ਕਰਕੇ ਲਗਾਤਾਰ ਉਸ ਦੀ ਤੁਲਨਾ ਖਾਲਿਸਤਾਨੀ ਸਮਰਥਕ ਜਰਨੈਲ ਸਿੰਘ ਭਿੰਡਰਾਂਵਾਲਾ ਨਾਲ ਕੀਤੀ ਜਾ ਰਹੀ ਹੈ। ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਭਿੰਡਰਾਂਵਾਲਾ ਨੂੰ ਆਪਣਾ ਆਦਰਸ਼ ਵੀ ਮੰਨਦਾ ਹੈ । ਪੰਜਾਬ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਜਥੇਬੰਦੀ ਦਾ ਮੁਖੀ ਥਾਪਿਆ ਗਿਆ ਅਤੇ ਭਿੰਡਰਾਂਵਾਲਾ ਦੇ ਪਿੰਡ ਰੋਡੇ ਵਿਖੇ ਉਸ ਦੀ ਦਸਤਾਰਬੰਦੀ ਵੀ ਕੀਤੀ ਗਈ । ਇਸ ਤੋਂ ਬਾਅਦ ਲਗਾਤਾਰ ਅੰਮ੍ਰਿਤਪਾਲ ਵੱਲੋਂ ਖਾਲਿਸਤਾਨੀ ਗਤੀਵਿਧੀਆਂ ਨੂੰ ਲੈਕੇ ਵੱਖ-ਵੱਖ ਪ੍ਰਕਾਰ ਦੇ ਦਾਅਵੇ ਕੀਤੇ ਗਏ ਹਨ।
ਅਜਨਾਲਾ ਕਾਂਡ ਤੋਂ ਬਾਅਦ ਅੰਮ੍ਰਿਤਪਾਲ ਦੀ ਨਿਖੇਧੀ: ਦੱਸ ਦਈਏ ਭਾਵੇਂ ਅੰਮ੍ਰਿਤਪਾਲ ਵੱਲੋਂ ਲੰਮੇਂ ਸਮੇਂ ਤੋਂ ਖਾਲਿਸਤਾਨੀ ਪੱਖੀ ਬਿਆਨ ਦਿੱਤੇ ਗਏ ਨੇ ਪਰ ਉਸ ਨੇ ਆਪਣੇ ਸਾਥੀਆਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਜਦੋਂ ਅਜਨਾਲਾ ਥਾਣਾ ਉੱਤੇ ਕਬਜ਼ਾ ਕੀਤਾ ਤਾਂ ਉਹ ਪੂਰੇ ਦੇਸ਼ ਵਿੱਚ ਸਿਆਸਤਦਾਨਾਂ ਦੇ ਨਿਸ਼ਾਨੇ ਉੱਤੇ ਆ ਗਿਆ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਦਿਆਂ ਕਿਹਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਵਰਤਣ ਵਾਲਾ ਕੋਈ ਸ਼ਖ਼ਸ ਪੰਜਾਬ ਅਤੇ ਪੰਜਾਬੀਅਤ ਦਾ ਵਾਰਿਸ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੇ ਇੱਥੋਂ ਤੱਕ ਕਿਹਾ ਸੀ ਕਿ ਅੰਮ੍ਰਿਤਪਾਲ ਨੂੰ ਫੰਡਿੰਗ ਪਾਕਿਸਤਾਨ ਤੋਂ ਆ ਰਹੀ ਹੈ ਅਤੇ ਉਹ ਪੰਜਾਬ ਸਮੇਤ ਪੂਰੇ ਭਾਰਤ ਦੀ ਸ਼ਾਂਤੀ ਨੂੰ ਅੱਗ ਲਾਉਣ ਲਈ ਆਇਆ ਹੈ।
ਇਹ ਵੀ ਪੜ੍ਹੋ: Non Bailable Warrant Issued Against MLA: 'ਆਪ' ਵਿਧਾਇਕ ਦਿਨੇਸ਼ ਚੱਢਾ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਕੀ ਹੈ ਮਾਮਲਾ
ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਸ਼ਰੇਆਮ ਕਿਹਾ ਕਿ ਉਹ ਖੁੱਦ ਨੂੰ ਭਾਰਤੀ ਨਾਗਰਿਕ ਨਹੀਂ ਮੰਨਦਾ ਅਤੇ ਉਸ ਨੇ ਭਾਰਤ ਦਾ ਪਾਸਪੋਰਟ ਸਿਰਫ਼ ਅਤੇ ਸਿਰਫ਼ ਯਾਤਰਾ ਕਰਨ ਦੇ ਮੰਤਵ ਲਈ ਬਣਾਇਆ ਹੈ। ਉਸ ਨੇ ਕਿਹਾ ਕਿ ਆਜ਼ਾਦੀ ਲਈ ਸਭ ਤੋਂ ਵੱਧ ਲਹੂ ਡੋਲਣ ਵਾਲੇ ਪੰਜਾਬੀਆਂ ਨੂੰ ਉਨ੍ਹਾਂ ਦਾ ਕੋਈ ਵੀ ਹੱਕ ਭਾਰਤ ਸਰਕਾਰ ਨੇ ਨਹੀਂ ਦਿੱਤਾ ਅਤੇ ਉਨ੍ਹਾਂ ਨਾਲ ਹਮੇਸ਼ਾ ਦੋਹਰੇ ਮਾਪਦੰਡ ਕੇਂਦਰ ਨੇ ਵਰਤੇ ਹਨ।