ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਕਾਂਸਟੇਬਲ ਕੁਲਵਿੰਦਰ ਸਿੰਘ ਦੇ ਮਾਪਿਆਂ ਲਈ ਪ੍ਰਤੀ ਮਹੀਨਾ 10000 ਰੁਪਏ ਪੈਨਸ਼ਨ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਮਹੀਨੇ ਕੁਲਵਿੰਦਰ ਸਿੰਘ ਦੇ ਮਾਪਿਆਂ ਨੂੰ ਉਨਾਂ ਦੇ ਆਨੰਦਪੁਰ ਸਾਹਿਬ ਨੇੜੇ ਪਿੰਡ ਵਿਖੇ ਮਿਲੇ ਸਨ ਅਤੇ ਉਨਾਂ ਨੂੰ ਹਰ ਸਰਕਾਰੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ।
ਮੁੱਖ ਮੰਤਰੀ ਨੇ ਰੌਲੀ ਪਿੰਡ ਵਿਖੇ ਦਰਸ਼ਨ ਸਿੰਘ ਦੇ ਘਰ ਜਾ ਕੇ ਉਨਾਂ ਨੂੰ 10000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਕਿਉਂਕਿ ਉਨਾਂ ਦਾ ਹੋਰ ਕੋਈ ਬੱਚਾ ਨਹੀਂ ਹੈ ਅਤੇ ਕੁਲਵਿੰਦਰ ਸਿੰਘ ਅਜੇ ਕੁਵਾਰਾ ਹੀ ਸੀ। ਉਨਾਂ ਉਸ ਸਮੇਂ ਕਿਹਾ ਸੀ ਕਿ ਅਗਲੀ ਕੈਬਨਿਟ ਮੀਟਿੰਗ ਵਿੱਚ ਰੱਖਿਆ ਸੇਵਾਵਾਂ ਵਿਭਾਗ ਵੱਲੋਂ ਪੈਨਸ਼ਨ ਸਬੰਧੀ ਇਕ ਏਜੰਡਾ ਪੇਸ਼ ਕੀਤਾ ਜਾਵੇਗਾ।
ਇਹ ਪੈਨਸ਼ਨ ਸ਼ਹੀਦ ਦੇ ਵਾਰਸ ਨੂੰ ਨੌਕਰੀ ਦੇਣ ਦੇ ਇਵਜ਼ ਵਿੱਚ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੱਤ ਲੱਖ ਰੁਪਏ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਜ਼ਮੀਨ ਦੇ ਵਾਸਤੇ ਪੰਜ ਲੱਖ ਰੁਪਏ ਨਕਦ ਲਈ ਪਰਿਵਾਰ ਹੱਕਦਾਰ ਹੈ।