ਚੰਡੀਗੜ੍ਹ: ਹਰਿਆਣਾ ਦੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਵਿੱਚ ਵੀ ਸਿਆਸਤ ਸਰਗਰਮ ਹੁੰਦੀ ਨਜ਼ਰ ਆ ਰਹੀ ਹੈ। ਪੰਜਾਬ ਵਿੱਚ ਜ਼ਿਮਨੀ ਚੋਣਾਂ ਦੀਆਂ 4 ਸੀਟਾਂ ਵਿਚੋਂ 3 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਰਿਹਾ ਜਦਕਿ ਭਾਜਪਾ-ਅਕਾਲੀ ਦਾ ਗਠਜੋੜ ਸਿਰਫ਼ ਇੱਕ ਸੀਟ ਹੀ ਜਿੱਤਣ ਵਿੱਚ ਕਾਮਯਾਬ ਹੋਇਆ ਹੈ।
ਸੁਖਬੀਰ ਦੇ ਗੜ੍ਹ 'ਚ ਕਾਂਗਰਸ ਦੀ ਜਿੱਤ
ਜਲਾਲਾਬਾਦ ਸੀਟ ਨੂੰ ਅਕਾਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਪਰ ਉੱਥੇ ਦੇ ਲੋਕਾਂ ਨੇ ਇਸ ਵਾਰ ਅਕਾਲੀਆਂ ਨੂੰ ਨਕਾਰਦੇ ਹੋਏ ਕਾਂਗਰਸ 'ਤੇ ਵਿਸ਼ਵਾਸ ਜਤਾਇਆ ਹੈ ਤੇ ਕਾਂਗਰਸ ਉਮੀਦਵਾਰ ਰਮਿੰਦਰ ਆਵਲਾ ਨੂੰ ਕਰੀਬ 49210 ਵੋਟਾਂ ਨਾਲ ਜਿੱਤ ਦਾ ਹੱਕ ਦਵਾਇਆ ਹੈ।
ਸੁਖਬੀਰ ਦੇ ਹਰਿਆਣਾ ਦੇ ਗੇੜਿਆਂ ਕਰਕੇ ਗਵਾਇਆ ਜ਼ਿਮਨੀ ਚੋਣਾਂ ਦੀਆਂ ਸੀਟਾਂ
ਦੂਜੇ ਪਾਸੇ ਹਰਿਆਣਾ ਦੇ ਗੇੜ 'ਚ ਫ਼ਸੇ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਹੁਣ ਜਲਾਲਾਬਾਦ ਸੀਟ ਨੂੰ ਗਵਾ ਬੈਠੇ ਹਨ। ਇਸ ਸੀਟ ਤੋਂ ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਹਲਕੇ ਤੋਂ ਅਪਣੀ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਹਾਲਾਂਕਿ ਕਾਂਗਰਸ ਦਾ ਕਿਲਾ ਕਹੇ ਜਾਣ ਵਾਲੀ ਦਾਖਾ ਸੀਟ 'ਤੇ ਅਕਾਲੀ ਦਲ ਦੇ ਮਨਪ੍ਰੀਤ ਇਯਾਲੀ ਆਪਣਾ ਕਬਜ਼ਾ ਕਰਨ ਵਿੱਚ ਕਾਮਯਾਬ ਰਹੇ ਹਨ।
ਮਨਪ੍ਰੀਤ ਇਯਾਲੀ ਦੀ ਜਿੱਤ ਨੇ ਕੀਤੇ ਲੋਕਾਂ ਦੇ ਭਰਮ ਦੂਰ
ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਨੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਨੂੰ ਸਵੀਕਾਰਿਆ ਹੈ। ਕਾਂਗਰਸ ਨੇ ਪੰਜਾਬ ਦੇ ਘਾਣ ਲਈ ਮਸ਼ੀਨਰੀ ਅਤੇ ਪੈਸੇ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਮੌਜੂਦਾ ਕਾਂਗਰਸ ਸਰਕਾਰ ਹੀ ਜ਼ਿਮਨੀ ਚੋਣਾਂ ਵਿੱਚ ਜਿੱਤੇਗੀ ਪਰ ਮੁੱਲਾਂਪੁਰ ਦਾਖਾ ਸੀਟ ਤੋਂ ਮਨਪ੍ਰੀਤ ਇਯਾਲੀ ਨੇ ਜਿੱਤ ਹਾਸਲ ਕਰ ਕੇ ਸਭ ਦੇ ਭਰਮ ਦੂਰ ਕਰ ਦਿੱਤੇ ਹਨ।
ਜਲਾਲਾਬਾਦ ਦੀ ਹਾਰ ਨੂੰ ਕਬੂਲ ਕਰਦੇ ਹਾਂ: ਚੀਮਾ
ਚੀਮਾ ਨੇ ਕਿਹਾ ਕਿ ਸਾਨੂੰ ਜਲਾਲਾਬਾਦ ਦੀ ਹਾਰ ਕਬੂਲ ਹੈ ਪਰ ਉਸਦਾ ਕਾਰਨ ਕਾਂਗਰਸੀ ਉਮੀਦਵਾਰ ਵੱਲੋਂ ਚੋਣਾਂ ਵਿੱਚ ਵਰਤਿਆ ਗਿਆ ਪੈਸਾ ਹੈ। ਚੀਮਾ ਨੇ ਸੂਬਾ ਸਰਕਾਰ 'ਤੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਜ਼ਿਮਨੀ ਚੋਣਾਂ ਵਿੱਚ ਪਾਵਰਾਂ ਤੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਹੈ।
ਭਾਜਪਾ ਨੂੰ ਹਰਿਆਣਾ ਵਿੱਚ ਅਕਾਲੀ ਦਲ ਨਾਲ ਗੱਠਜੋੜ ਤੋੜਨਾ ਪਿਆ ਮਹਿੰਗਾ
ਹਰਿਆਣਾ ਚੋਣਾਂ ਬਾਰੇ ਗੱਲ ਕਰਦੇ ਹੋਏ ਚੀਮਾ ਨੇ ਕਿਹਾ ਕਿ ਲੋਕ ਸਭਾ ਵਿੱਚ ਹਰਿਆਣਾ ਦੀਆਂ 10 ਵਿੱਚੋਂ 10 ਸੀਟਾਂ ਬੀਜੇਪੀ ਦੇ ਹਿੱਸੇ ਆਈਆਂ ਸੀ, ਜਦਕਿ ਅਕਾਲੀ ਦਲ ਨੇ ਬਿਨਾਂ ਕਿਸੇ ਸ਼ਰਤ ਦੇ ਬੀਜੇਪੀ ਨੂੰ ਸਮਰਥਨ ਦਿੱਤਾ ਸੀ। ਪਰ ਇਸ ਵਾਰ ਗੱਠਜੋੜ ਤੋੜਨ ਕਰ ਕੇ ਭਾਜਪਾ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।